ਅੰਮ੍ਰਿਤਸਰ:ਆਮ ਆਦਮੀ ਪਾਰਟੀ ਵੱਲੋਂ ਅਕਸਰ ਇੱਕ ਗੱਲ ਆਖੀ ਜਾਂਦੀ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ।ਇਹ ਮੰਤਰੀ, ਵਿਧਾਇਕ ਆਮ ਪਰਿਵਾਰਾਂ ਵਿੱਚੋਂ ਆਏ ਹਨ, ਇਸ ਲਈ ਆਮ ਲੋਕਾਂ ਦੇ ਦੁੱਖ ਦਰਦ ਚੰਗੀ ਤਰ੍ਹਾਂ ਜਾਣਦੇ ਹਨ। ਆਮ ਲੋਕਾਂ ਦੀ ਗੱਲ ਨੂੰ ਤਰਜ਼ੀਹ ਦੇਣਗੇ। ਇੰਨ੍ਹਾਂ ਸਾਰਿਆ ਗੱਲ ਦੇ ਉਲਟ ਅੱਜ ਇੱਕ ਘਟਨਾ ਅੰਮ੍ਰਿਤਸਰ ਦੇ ਵਿੱਚ ਵਾਪਰੀ ਜਿੱਥੇ ਇੱਕ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਸਨ।ਇਸੇ ਦੌਰਾਨ ਇੱਕ ਕਿਸਾਨ ਵੱਲੋਂ ਮੰਤਰੀ ਸਾਹਿਬ ਨੂੰ ਸਵਾਲ ਪੁੱਛਣ ਲਈ ਸਟੇਜ ਉੱਤੇ ਜਾਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਉਸ ਨੂੰ ਆਪਣੇ ਸਵਾਲਾਂ ਦਾ ਜਾਵਬ ਮਿਲ ਸਕੇ, ਪਰ ਇਸ ਦੇ ਉਲਟ ਨਾ ਤਾਂ ਕਿਸਾਨ ਜਸਵੰਤ ਸਿੰਘ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਮਿਲੀ ਨਾ ਹੀ ਸਵਾਲਾਂ ਦੇ ਜਵਾਬ। ਜਿਸ ਤੋਂ ਬਾਅਦ ਕਿਸਾਨ ਵੱਲੋਂ ਮੰਤਰੀ ਦਾ ਵਿਰੋਧ ਕੀਤਾ ਗਿਆ ਅਤੇ ਕਿਸਾਨ ਨੂੰ ਸਮਾਗਮ ਚੋਂ ਬਾਹਰ ਕੱਢ ਦਿੱਤਾ ਗਿਆ।
ਆਮ ਲੋਕਾਂ ਲਈ ਮੰਤਰੀਆਂ ਕੋਲ ਨਹੀਂ ਸਮਾਂ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਕਰਨਾ ਚਾਹੁੰਦੇ ਸਨ ਪਰ ਉਹਨਾਂ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨ ਜਸਵੰਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਤੋਂ ਬਣੀ ਇਹ ਆਮ ਆਦਮੀ ਪਾਰਟੀ ਹੁਣ ਆਮ ਨਹੀ ਰਹੀ ਅਤੇ ਇਹ ਆਪਣੇ ਵਾਅਦੇ ਵੀ ਭੁੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਰੇਆਮ ਪਿੰਡਾਂ ਦੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ। ਕੈਬਨਿਟ ਮੰਤਰੀ ਧਾਰੀਵਾਲ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਨਸ਼ਾ ਨਹੀ ਵਿਕੇਗਾ ਉਸ ਤੋਂ ਬਾਅਦ ਹਰ ਪਿੰਡ ਤੋਂ 300 ਰੁਪਏ ਵਿੱਚ ਚਿੱਟਾ ਸ਼ਰੇਆਮ ਮਿਲ ਜਾਂਦਾ ਹੈ ਅਤੇ ਜਦੋਂ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੁਲਿਸ ਵਾਲੇ ਵੀ ਮੀਟਿੰਗ ਦਾ ਬਹਾਨਾ ਲਾ ਕੇ ਟਾਲ ਦਿੰਦੇ ਹਨ।