ਅੰਮ੍ਰਿਤਸਰ: ਸ਼ਹਿਰ ਦੇ ਅਜਨਾਲਾ ਵਿਖੇ ਇੱਕ ਮੈਡੀਕਲ ਸਟੋਰ ਵਿੱਚ ਕੈਮਿਸਟ ਵੱਲੋਂ ਬੱਚੇ ਨੂੰ ਗ਼ਲਤ ਟੀਕਾ ਲਗਾਉਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਜਨਾਲਾ ਦੇ ਮੇਨ ਚੌਂਕ 'ਤੇ ਰੋਡ ਜਾਮ ਕਰਕੇ ਮੈਡੀਕਲ ਸਟੋਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਬੱਚੇ ਦੀ ਉਮਰ 9 ਸਾਲ ਦੀ ਹੈ ਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਬੱਚਾ ਬਿਮਾਰ ਸੀ, ਜਦੋਂ ਉਹ ਬੱਚੇ ਨੂੰ ਦਵਾਈ ਦਿਵਾਉਣ ਲਈ ਮੈਡੀਕਲ ਸਟੋਰ 'ਤੇ ਲੈ ਕੇ ਗਏ ਤਾਂ ਉੱਥੇ ਡਾਕਟਰ ਨੇ ਉਸ ਨੂੰ ਦਵਾਈ ਦੇਣ ਦੀ ਥਾਂ ਟੀਕਾ ਲੱਗਾ ਦਿੱਤਾ।
ਟੀਕਾ ਲੱਗਣ ਤੋਂ ਬਾਅਦ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਦੀ ਥਾਂ ਉਸ ਦੀ ਹਾਲਤ ਹੋਰ ਗੰਭੀਰ ਹੋ ਗਈ ਤੇ ਫਿਰ ਉਹ 2 ਦਿਨ ਬਾਅਦ ਦੁਬਾਰਾ ਮੈਡੀਕਲ ਸਟੋਰ 'ਤੇ ਗਏ। ਮੈਡੀਕਲ ਸਟੋਰ ਵਾਲੇ ਨੇ ਉਨ੍ਹਾਂ ਨੂੰ ਦਵਾਈ ਦੇ ਦਿੱਤੀ ਉਹ ਦਵਾਈ ਲੈਣ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ।