ਕੈਬਨਿਟ ਮੰਤਰੀ ਨੇ ਭਾਰਤ-ਪਾਕਿ ਸੀਮਾ ਨੇੜੇ ਖ਼ਰਾਬ ਫਸਲਾਂ ਦੀ ਗਰਦਾਵਰੀ ਦਾ ਲਿਆ ਜਾਇਜ਼ਾ ਅੰਮ੍ਰਿਤਸਰ:ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਸਹੀ ਜਾਣਕਾਰੀ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਪਟਵਾਰੀਆਂ ਵੱਲੋਂ ਪਿੰਡ-ਪਿੰਡ ਪਹੁੰਚ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਫਸਲਾਂ ਦੀ ਗਰਦਾਵਰੀ ਦਾ ਜਾਇਜ਼ਾ ਲੈਣ ਲਈ ਅੱਜ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਮਦਾਸ, ਬਾਉਲੀ, ਸਿੰਘੋਕੇ, ਪੰਜਗਰਾਈ, ਧਰਮ ਪ੍ਰਕਾਸ਼ ਅਤੇ ਦਰਿਆ ਮੂਸਾ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਕੰਡਿਆਲੀ ਤਾਰੋਂ ਪਾਰ ਜਾਕੇ ਖ਼ਰਾਬ ਫਸਲਾਂ ਦੀ ਗਰਦਾਵਰੀ ਦਾ ਜਾਇਜ਼ਾ ਲਿਆ।
ਨੁਕਸਾਨ ਸਬੰਧੀ ਰਿਪੋਰਟ ਸਿਰ ਦੇਣ:ਇਸ ਦੌਰਾਨ ਹੀ ਉਨ੍ਹਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਫਸਲ ਦੀ ਕਟਾਈ ਦੇ ਨਾਲ ਹੀ ਦੇਣਾ ਚਾਹੁੰਦੀ ਹੈ ਅਤੇ ਉਹ ਤਾਂ ਹੀ ਸੰਭਵ ਹੈ, ਜੇਕਰ ਦੋਵੇਂ ਵਿਭਾਗ ਫਸਲਾਂ ਦੇ ਨੁਕਸਾਨ ਸਬੰਧੀ ਆਪਣੀ ਰਿਪੋਰਟ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਤਿਆਰ ਕਰਕੇ ਸਮੇਂ ਸਿਰ ਦੇਣ।
10 ਅਪ੍ਰੈਲ ਤੋਂ ਨੁਕਸਾਨ ਸਬੰਧੀ ਰਿਪੋਰਟ ਸਿਰ ਦੇਣ:ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਾਈ ਗਈ ਨੀਤੀ ਅਨੁਸਾਰ ਕਿਸਾਨ ਨੂੰ ਮੁਆਵਜ਼ਾ ਫਸਲ ਦੇ ਨੁਕਸਾਨ ਦੇ ਹਿਸਾਬ ਨਾਲ ਹੀ ਮਿਲਣਾ ਹੈ, ਸੋ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰੇਕ ਖੇਤ ਤੱਕ ਜਾਣ ਤੇ ਫਸਲਾਂ ਦੇ ਹੋਏ ਨੁਕਸਾਨ ਦੀ ਸਹੀ ਰਿਪੋਰਟ ਤਿਆਰ ਕਰਨ, ਤਾਂ ਜੋ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾ ਸਕੇ। ਸੋ ਦੋਵਾਂ ਵਿਭਾਗਾਂ ਦੇ ਅਧਿਕਾਰੀ ਹਰੇਕ ਪਿੰਡ ਪਹੁੰਚ ਕੇ ਫਸਲਾਂ ਦੀ ਸਹੀ ਜਾਣਕਾਰੀ ਇਕੱਠੀ ਕਰਨੀ ਯਕੀਨੀ ਬਨਾਉਣ ਅਤੇ ਇਸਦੀ ਰਿਪੋਰਟ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਦੇਣ।
ਕਿਸਾਨਾਂ ਨਾਲ ਰਿਪੋਰਟ ਦੇ ਮਸਲੇ ਉੱਤੇ ਬੇ-ਇਨਸਾਫੀ ਨਾ ਹੋਵੇ:ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨਾਲ ਰਿਪੋਰਟ ਦੇ ਮਸਲੇ ਉਤੇ ਬੇ-ਇਨਸਾਫੀ ਨਾ ਹੋਵੇ ਅਤੇ ਨਾ ਹੀ ਕੋਈ ਅਧਿਕਾਰੀ ਪੈਸੇ ਦੇ ਲਾਲਚ ਵਿੱਚ ਗਲਤ ਰਿਪੋਰਟ ਹੀ ਦੇਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਅਜਿਹਾ ਹੋਇਆ ਤਾਂ ਸਬੰਧਤ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਵਿਸਾਖੀ ਦੇ ਨਾਲ ਹੀ ਮੁਆਵਜ਼ਾ ਦੇਣ ਦੀ ਸਾਡੀ ਕੋਸ਼ਿਸ਼ ਹੈ ਅਤੇ ਇਸ ਟੀਚੇ ਅਨੁਸਾਰ ਹੀ ਕੰਮ ਪੂਰਾ ਕੀਤਾ ਜਾਵੇ।
ਇਹ ਵੀ ਪੜੋ:-ਧਰਤੀ 'ਤੇ ਵਿਛੀਆਂ ਫਸਲਾਂ ਨੂੰ ਵੇਖ ਢਾਡੇ ਪਰੇਸ਼ਾਨ ਕਿਸਾਨ, ਗਿਰਦਾਵਰੀ ਲਈ ਨਹੀਂ ਪਹੁੰਚਿਆ ਕੋਈ ਅਧਿਕਾਰੀ