ਅੰਮ੍ਰਿਤਸਰ: ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਗਈਆਂ ਵੈਨਾਂ ਵੋਟਰਾਂ ਨੂੰ ਵੋਟ ਦੇ ਹੱਕ ਦਾ ਨਿਰਪੱਖਤਾ, ਨਿਡਰਤਾ, ਬਿਨਾਂ ਲਾਲਚ ਤੇ ਭੈਅ ਨਾਲ ਇਸਤੇਮਾਲ ਕਰਨ ਲਈ ਜਾਗਰੂਕ ਕਰਨਗੀਆਂ। ਇਹ ਮੋਬਾਈਲ ਵੈਨ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ 'ਚ 22 ਦਿਨਾਂ ਲਈ ਵੱਖ-ਵੱਖ ਖੇਤਰਾਂ ਦਾ ਦੌਰਾ ਕਰੇਗੀ।
ਅੰਮ੍ਰਿਤਸਰ 'ਚ ਲੋਕਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਮੋਬਾਈਲ ਵੈਨ ਰਵਾਨਾ
ਸੂਬੇ ਵਿੱਚ 19 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਕਮਿਸ਼ਨ ਨੇ ਮਤਦਾਨ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਜਾਗਰੂਕਤਾ ਵੈਨਾਂ ਤਿਆਰ ਕੀਤੀਆਂ ਹਨ।
ਇਸ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਥਾਨਕ ਸਰਕਟ ਹਾਊਸ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਹਰੇਕ ਹਲਕੇ ਵਿੱਚ 2 ਦਿਨ ਰਹੇਗੀ ਤੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ 'ਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਮਤਦਾਨ ਕੇਂਦਰਾਂ 'ਤੇ ਜਾ ਕੇ ਮਤਦਾਨ ਲਈ ਪ੍ਰੇਰਿਤ ਕਰੇਗੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ 22 ਅਪ੍ਰੈਲ ਤੋਂ ਪੰਜਾਬ ਵਿੱਚ ਸੱਤਵੇਂ ਗੇੜ ਦੀਆਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ 22 ਅਪ੍ਰੈਲ ਸਵੇਰੇ 11 ਵਜੇ ਤੋਂ ਲੈ ਕੇ 29 ਅਪ੍ਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਕਰ ਸਕਣਗੇ।