ਅੰਮ੍ਰਿਤਸਰ: ਉਦਯੋਗਿਕ ਫੋਕਲ ਪੁਆਇੰਟ (ਨਿਊ) ਫ਼ੇਜ-3 ਮਹਿਤਾ ਰੋਡ ਅੰਮ੍ਰਿਤਸਰ ਵਿੱਚ ਸੀਵਰੇਜ ਦੀ ਸਮੱਸਿਆਂ ਕਾਰਨ ਇਲਾਕੇ ਵਿੱਚ ਇਸ ਤਰ੍ਹਾਂ ਗੰਦਗੀ ਫੈਲੀ ਹੋਈ ਹੈ ਕਿ ਇੱਥੋਂ ਲੰਘਣਾ ਵੀ ਦੁਰਭਰ ਹੋ ਜਾਂਦਾ ਹੈ। ਸਬੰਧਿਤ ਵਿਭਾਗ ਵੱਲੋਂ ਲੰਮੇ ਸਮੇ ਤੋਂ ਧਿਆਨ ਨਾ ਦੇਣ ਕਰ ਕੇ ਫੈਕਟਰੀ ਮਾਲਿਕ ਨਰਕ ਵਿੱਚ ਰਹਿਣ ਨੂੰ ਮਜਬੂਰ ਹਨ ਅਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜਦੂਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ।
ਫੈਕਟਰੀਆਂ ਨੇੜੇ ਫੈਲੀ ਗੰਦਗੀ, ਨੌਕਰੀ ਛੱਡ ਕੇ ਘਰਾਂ ਨੂੰ ਪਰਤ ਰਹੇ ਮਜ਼ਦੂਰ - garbage
ਅੰਮ੍ਰਿਤਸਰ ਦੇ ਫ਼ੇਜ਼-3 ਦੇ ਉਦਯੋਗਿਕ ਫੋਕਲ ਪੁਆਇੰਟ ਦੀ ਸੀਵਰੇਜ ਪ੍ਰਣਾਲੀ ਬਿਲਕੁੱਲ ਹੀ ਠੱਪ ਹੋਈ ਪਈ ਹੈ ਜਿਸ ਦੇ ਚੱਲਦੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਫੈਕਟਰੀ ਮਾਲਕ ਇਸ ਸਮੱਸਿਆ ਤੋਂ ਬਹੁਤ ਪਰੇਸ਼ਾਨ ਹਨ।
ਫੈਕਟਰੀ ਮਾਲਕਾਂ ਨੇ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਉਦਯੋਗਿਕ ਫੋਕਲ ਪੁਆਇੰਟ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਉਦਯੋਗ ਭਵਨ ਚੰਡੀਗੜ੍ਹ ਵੱਲੋਂ 2001 ਵਿੱਚ ਸਥਾਪਿਤ ਕੀਤਾ ਗਿਆ ਸੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ। ਇੰਨ੍ਹਾਂ ਫੈਕਟਰੀਆਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਜਦੂਰ ਕੰਮ ਕਰਦੇ ਹਨ।
ਪਿਛਲੇ ਢਾਈ ਸਾਲਾਂ ਤੋਂ ਸੀਵਰੇਜ ਪ੍ਰਣਾਲੀ ਠੱਪ ਅਤੇ ਪਾਣੀ ਬਾਹਰ ਕੱਢਣ ਵਾਲੇ ਲੱਗੇ ਚਾਰ ਦੇ ਕਰੀਬ ਡਿਸਪੋਜਲ ਪੰਪਾਂ ਦੇ ਬੰਦ ਹੋਣ ਕਰਕੇ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਪਾਣੀ ਦੀ ਨਿਕਾਸੀ ਨਹੀਂ ਹੋ ਪਾ ਰਹੀ ਜਿਸ ਦੇ ਚੱਲਦੇ ਪਾਣੀ ਓਵਰ ਫਲੋ ਹੋ ਕੇ ਖਾਲੀ ਪਏ ਪਲਾਟਾਂ ਅਤੇ ਪਾਰਕਾਂ ਵਿੱਚ ਖੜ੍ਹਾ ਹੋਣ ਤੋਂ ਬਾਅਦ ਫੈਕਟਰੀਆਂ ਦੇ ਅੰਦਰ ਦਾਖਲ ਹੋ ਗਿਆ ਹੈ। ਇਸ ਪਾਣੀ ਤੋਂ ਕਾਫੀ ਬਦਬੂ ਆਉਂਦੀ ਹੈ। ਗੰਦੇ ਪਾਣੀ ਉਤੇ ਮੱਛਰਾਂ ਦੀ ਭਰਮਾਰ ਹੋਣ ਕਰਕੇ ਕਈ ਮਜਦੂਰ ਡੇਂਗੂ, ਪੇਟ ਅਤੇ ਚਮੜੀ ਆਦਿ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ। ਕਈ ਮਜਦੂਰ ਤਾਂ ਕੰਮ ਛੱਡਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਹਨ।