ਅੰਮ੍ਰਿਤਸਰ: ਅੱਜਕੱਲ ਆਪਣੇ ਕੰਮਾਂ,ਬਿਆਨਾਂ ਅਤੇ ਐਕਸ਼ਨਾਂ ਨੂੰ ਲੈਕੇ ਪੂਰੇ ਭਾਰਤ ਵਿੱਚ ਸੁਰਖੀਆਂ ਬਣੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਥੀਆਂ ਸਮੇਤ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਆਉਣ ਦਾ ਵਿਸ਼ੇਸ਼ ਮੰਤਵ ਮੱਥਾ ਟੇਕਣਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਇੱਥੇ ਮੌਜੂਦ ਹੁੰਦੇ ਤਾਂ ਉਹ ਉਨ੍ਹਾਂ ਨਾਲ ਮੁਲਾਕਾਤ ਜ਼ਰੂਰ ਕਰਦੇ।
ਅਲਰਟ ਕਰਨ ਵਾਲੀਆਂ ਸੁੱਰਖਿਆ ਏਜੰਸੀਆਂ ਤੋਂ ਹੀ ਮੈਨੂੰ ਖ਼ਤਰਾ:ਬੀਤੇ ਦਿਨ ਮੀਡੀਆ ਵਿੱਚ ਰਿਪੋਰਟਾਂ ਆਈਆਂ ਸਨ ਕਿ ਪੰਜਾਬ ਪੁਲਿਸ ਨੂੰ ਖੂਫੀਆ ਏਜੰਸੀਆਂ ਤੋਂ ਖ਼ਬਰ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਉੱਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਇਸ ਦਾ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਮਰਨ ਤੋਂ ਨਹੀਂ ਡਰਦਾ ਅਤੇ ਜੋ ਲੋਕ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਮਰਨ ਅਤੇ ਕਾਨੂੰਨ ਦਾ ਡਰ ਸਤਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਲਰਟ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਤੋਂ ਹੀ ਅਸਲੀ ਖ਼ਤਰਾ ਹੈ। ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਅੱਜ ਤੱਕ ਉਸ ਨੇ ਜੋ ਵੀ ਕੀਤਾ ਹੈ, ਉਹ ਪੰਜਾਬ ਦੇ ਹੱਕ ਲਈ ਕੀਤਾ ਹੈ ਇਸ ਵਿੱਚ ਉਸ ਨੂੰ ਕੁੱਝ ਵੀ ਗਲਤ ਨਹੀਂ ਜਾਪਦਾ। ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਬਾਹਰ ਨਹੀਂ ਚੱਲਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਜਨਾਲਾ ਵਿੱਚ ਵਾਪਰੀ ਘਟਨਾ ਦੀ ਜਾਂਚ ਲਈ ਬਣਾਈ ਕਮੇਟੀ ਦਾ ਉਹ ਪੂਰਾ ਸਹਿਯੋਗ ਤਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿੱਥੇ ਪੇਸ਼ ਹੋਣ ਲਈ ਕਿਹਾ ਜਾਵੇਗਾ ਉਹ ਪੇਸ਼ ਹੋਣਗੇ।