ਨਵੀਂ ਦਿੱਲੀ: ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਟਿਮ ਡੇਵਿਡ ਨੇ IPL ਦੇ 42ਵੇਂ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਆਖਰੀ ਓਵਰ 'ਚ ਲਗਾਤਾਰ 3 ਛੱਕੇ ਲਗਾ ਕੇ ਮੁੰਬਈ ਨੂੰ ਜਿੱਤ ਦਿਵਾਈ। ਇੰਡੀਅਨ ਪ੍ਰੀਮੀਅਰ ਲੀਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਟਿਮ ਡੇਵਿਡ ਅਤੇ ਤਿਲਕ ਵਰਮਾ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਮੈਚ ਦੌਰਾਨ ਟਿਮ ਡੇਵਿਡ ਨੇ ਕੀ ਪਲਾਨਿੰਗ ਕੀਤੀ ਸੀ ਕਿ ਟੀਮ ਮੈਚ ਜਿੱਤ ਗਈ। ਟਿਮ ਡੇਵਿਡ ਨੇ ਇਸ ਬਾਰੇ ਦੱਸਿਆ ਹੈ। ਦੋਵਾਂ ਖਿਡਾਰੀਆਂ ਨੇ ਮੈਚ 'ਚ ਆਪਣਾ ਅਨੁਭਵ ਸਾਂਝਾ ਕੀਤਾ।
ਇਸ ਵੀਡੀਓ 'ਚ ਟਿਮ ਡੇਵਿਡ ਨੇ ਕਿਹਾ ਕਿ ਉਹ ਐਤਵਾਰ ਨੂੰ ਆਈ.ਪੀ.ਐੱਲ 'ਚ ਰਾਜਸਥਾਨ ਰਾਇਲਸ ਖਿਲਾਫ ਆਖਰੀ ਓਵਰ 'ਚ ਤਿੰਨ ਛੱਕੇ ਲਗਾਉਣ ਤੋਂ ਬਾਅਦ ਸ਼ਾਨਦਾਰ ਮਹਿਸੂਸ ਕਰ ਰਹੇ ਹਨ। ਮੈਚ ਦੇ ਆਖਰੀ ਓਵਰ 'ਚ ਉਹ ਮੈਚ ਨੂੰ ਰੋਮਾਂਚਕ ਤਰੀਕੇ ਨਾਲ ਖਤਮ ਕਰਨਾ ਚਾਹੁੰਦਾ ਸੀ। ਪਹਿਲਾਂ ਯਸ਼ਸਵੀ ਜੈਸਵਾਲ ਨੇ 62 ਗੇਂਦਾਂ 'ਚ 124 ਦੌੜਾਂ ਬਣਾ ਕੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ 'ਤੇ 212 ਦੌੜਾਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ਾਂ ਵਿੱਚ ਸੂਰਿਆਕੁਮਾਰ ਨੇ 29 ਗੇਂਦਾਂ ਵਿੱਚ 55 ਦੌੜਾਂ ਅਤੇ ਕੈਮਰੂਨ ਗ੍ਰੀਨ ਨੇ 26 ਗੇਂਦਾਂ ਵਿੱਚ 44 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਟਿਮ ਡੇਵਿਡ ਅਤੀਸ਼ੀ ਬੱਲੇਬਾਜ਼ੀ ਕਰਦੇ ਹੋਏ 14 ਗੇਂਦਾਂ 'ਚ 45 ਦੌੜਾਂ ਬਣਾ ਕੇ ਨਾਟ ਆਊਟ ਰਹੇ। ਉਸ ਨੇ ਲਗਾਤਾਰ 3 ਛੱਕੇ ਜੜ ਕੇ ਮੁੰਬਈ ਨੂੰ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾਈ।