ਮੋਹਾਲੀ:ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਸਟੇਡੀਅਮ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਆਪਣੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਉਨ੍ਹਾਂ ਦੇ 51ਵੇਂ ਜਨਮਦਿਨ 'ਤੇ ਜਿੱਤ ਦਾ ਤੋਹਫਾ ਦਿੱਤਾ ਹੈ। ਅਫਗਾਨਿਸਤਾਨ ਵੱਲੋਂ ਦਿੱਤੇ 159 ਦੌੜਾਂ ਦੇ ਟੀਚੇ ਨੂੰ ਭਾਰਤ ਨੇ 17.3 ਓਵਰਾਂ 'ਚ 4 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।
ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ:ਅਫਗਾਨਿਸਤਾਨ ਵੱਲੋਂ ਦਿੱਤੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਕਰੀਬ 14 ਮਹੀਨਿਆਂ ਬਾਅਦ ਟੀ-20 ਮੈਚ ਖੇਡ ਰਹੇ ਕਪਤਾਨ ਰੋਹਿਤ ਸ਼ਰਮਾ ਬਦਕਿਸਮਤੀ ਨਾਲ ਬਿਨਾਂ ਖਾਤਾ ਖੋਲ੍ਹੇ ਦੂਜੀ ਗੇਂਦ 'ਤੇ ਰਨ ਆਊਟ ਹੋ ਗਏ ਅਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਗਿੱਲ ਨੇ ਕੁਝ ਸ਼ਾਨਦਾਰ ਸ਼ਾਟ ਲਗਾਏ ਪਰ ਉਹ 23 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਜੀਬ ਦਾ ਸ਼ਿਕਾਰ ਬਣ ਗਏ। ਤਿਲਕ ਵਰਮਾ (26 ਦੌੜਾਂ) ਚੰਗੀ ਸ਼ੁਰੂਆਤ ਤੋਂ ਬਾਅਦ ਵੱਡੀ ਪਾਰੀ ਖੇਡਣ ਵਿੱਚ ਨਾਕਾਮ ਰਿਹਾ। ਜਿਤੇਸ਼ ਸ਼ਰਮਾ ਨੇ ਵੀ 31 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਸ਼ਿਵਮ ਦੂਬੇ (ਅਜੇਤੂ 60 ਦੌੜਾਂ) ਅਤੇ ਰਿੰਕੂ ਸਿੰਘ (ਅਜੇਤੂ 16 ਦੌੜਾਂ) ਨੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ।