ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਨਸ਼ਿਆਂ ਦੇ ਐਂਗਲ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਦੀ ਰਡਾਰ 'ਤੇ ਬਾਲੀਵੁੱਡ ਦੇ ਕਈ ਸਿਤਾਰੇ ਹਨ। ਜਿਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਹੋ ਗਈ ਹੈ।
ਅੱਜ ਅਦਾਕਾਰਾ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਐਨਸੀਬੀ ਦੇ ਸਾਹਮਣੇ ਪੇਸ਼ ਹੋਈਆਂ।
ਫਿਲਹਾਲ ਦੀਪਿਕਾ ਤੋਂ ਪੁੱਛਗਿੱਛ ਖ਼ਤਮ ਹੋ ਗਈ ਹੈ। ਲਗਭਗ 6 ਘੰਟਿਆਂ ਬਾਅਦ ਉਹ ਆਪਣੇ ਘਰ ਲਈ ਰਵਾਨਾ ਹੋ ਗਈ।ਪਰ ਸੂਤਰਾਂ ਮੁਤਾਬਕ ਖ਼ਬਰ ਮਿਲੀ ਹੈ ਕਿ ਐਨਸੀਬੀ ਇੱਕ ਵਾਰ ਫਿਰ ਦੀਪਿਕਾ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ।
ਐਨਸੀਬੀ ਨੇ ਪਿਛਲੇ ਦਿਨੀਂ ਅਦਾਕਾਰਾ ਰਕੂਲ ਪ੍ਰੀਤ ਸਿੰਘ, ਧਰਮ ਪ੍ਰੋਡਕਸ਼ਨ ਦੇ ਸਾਬਕਾ ਕਾਰਜਕਾਰੀ ਨਿਰਮਾਤਾ ਸ਼ਿਤਿਜ ਪ੍ਰਸਾਦ ਰਵੀ ਅਤੇ ਕਰਿਸ਼ਮਾ ਤੋਂ ਪੁੱਛਗਿੱਛ ਕੀਤੀ ਸੀ।
ਅੱਜ ਧਰਮ ਪ੍ਰੋਡਕਸ਼ਨ ਦੇ ਸਾਬਕਾ ਕਾਰਜਕਾਰੀ ਨਿਰਮਾਤਾ, ਸ਼ਿਤਿਜ ਪ੍ਰਸਾਦ ਰਵੀ ਨੂੰ ਵੀ ਐਨਸੀਬੀ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।
ਐਨਸੀਬੀ ਨੇ ਕੋਵਾਨ ਪ੍ਰਤਿਭਾ ਪ੍ਰਬੰਧਨ ਏਜੰਸੀ ਦੇ ਸੀਈਓ ਧਰੁਵ ਚਿਤਗੋਪੇਕਰ ਅਤੇ ਉੱਘੀ ਨਿਰਮਾਤਾ ਮਧੂ ਮੰਟੇਨਾ ਵਰਮਾ ਅਤੇ ਹੋਰਾਂ ਦੇ ਬਿਆਨ ਵੀ ਦਰਜ ਕੀਤੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਐਨਸੀਬੀ ਨੇ ਐਨਡੀਪੀਐਸ ਐਕਟ ਤਹਿਤ ਡ੍ਰਗਸ ਦਾ ਕੇਸ ਦਰਜ ਕੀਤਾ ਸੀ।