ਮੁੰਬਈ: ਅਦਾਕਾਰਾ ਕੰਗਨਾ ਰਣੌਤ ਅੱਜ ਮੁੰਬਈ ਪਰਤ ਰਹੀ ਹੈ। ਕੰਗਨਾ ਦੇ ਮੁੰਬਈ ਪਰਤਨ ਤੋਂ ਪਹਿਲਾਂ ਹੀ ਬੀਐਮਸੀ ਦੀ ਟੀਮ ਨੇ ਅਦਾਕਾਰਾ ਦੇ ਦਫ਼ਤਰ 'ਤੇ ਨਜਾਇਜ਼ ਉਸਾਰੀ ਦਾ ਹਵਾਲਾ ਦਿੰਦੇ ਹੋਏ ਡਿੱਚ ਚਲਾ ਦਿੱਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਏਅਰਪੋਰਟ ਪਹੁੰਚਣ 'ਤੇ ਕੰਗਨਾ ਨੇ BMC ਦੀ ਤੁਲਨਾ ਬਾਬਰ ਨਾਲ ਕੀਤੀ।
ਇਸ ਦੌਰਾਨ ਕੰਗਨਾ ਰਣੌਤ ਨੇ ਟਵੀਟ ਕਰ ਕਿਹਾ, "ਬੀਐਮਸੀ ਦੇ ਮਜਦੂਰਾਂ ਦੀ ਤੁਲਨਾ ਬਾਬਰ ਦੀ ਸੈਨਾ ਨਾਲ ਕੀਤੀ ਅਤੇ ਕਿਹਾ ਕਿ ਇਸ ਮੰਦਰ ਨੂੰ ਮੁੜ ਬਣਾਇਆ ਜਾਵੇਗਾ। ਮੈਂ ਕਦੇ ਗਲਤ ਨਹੀਂ ਸੀ ਅਤੇ ਮੇਰੇ ਦੁਸ਼ਮਣ ਬਾਰ ਬਾਰ ਸਾਬਤ ਕਰ ਰਹੇ ਹਨ ਕਿ ਮੇਰੀ ਮੁੰਬਈ ਹੁਣ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਬਣ ਗਈ ਹੈ।"
ਕੰਗਨਾ ਦੇ ਦਫਤਰ ਨੂੰ ਇੱਕ ਹੋਰ ਨੋਟਿਸ
ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਤੋਂ ਪਹਿਲਾਂ ਬੀਐਮਸੀ ਵੱਲੋਂ ਕੰਗਨਾ ਰਣੌਤ ਦੇ ਦਫਤਰ ਨੂੰ ਇੱਕ ਹੋਰ ਨੋਟਿਸ ਭੇਜਿਆ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਵੱਲੋਂ ਆਪਣੇ ਵਕੀਲ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਗਨਾ ਨੇ ਅਜੇ ਵੀ ਬੀਐਮਸੀ ਨੋਟਿਸ ਦਾ ਜਵਾਬ ਨਹੀਂ ਦਿੱਤਾ, ਇਸ ਲਈ ਉਸ ਦੀ ਉਸਾਰੀ ਗੈਰਕਾਨੂੰਨੀ ਹੈ ਅਤੇ ਢਾਹੀ ਜਾ ਸਕਦੀ ਹੈ।
ਸ਼ਿਵ ਸੈਨਾ ਨਾਲ ਚੱਲ ਰਹੇ ਵਿਵਾਦਾਂ ਵਿਚਾਲੇ ਕੰਗਨਾ ਦੇ ਦਫ਼ਤਰ 'ਤੇ ਚੱਲੀ ਡਿੱਚ
ਕੰਗਨਾ ਰਣੌਤ ਨੂੰ ਪਹਿਲਾਂ ਹੀ ਬੀਐਮਸੀ ਦੀ ਕਾਰਵਾਈ ਦਾ ਸ਼ੱਕ ਹੈ। ਇਸੇ ਕਾਰਨ ਕੰਗਨਾ ਨੇ ਅੱਜ ਸਵੇਰੇ ਟਵੀਟ ਕੀਤਾ ਅਤੇ ਕਿਹਾ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਅਤੇ ਉਨ੍ਹਾਂ ਦੇ ਗੁੰਡਿਆਂ ਨੇ ਮੇਰੇ ਦਫਤਰ ਦੇ ਬਾਹਰ ਪਹੁੰਚ ਕੀਤੀ ਹੈ ਅਤੇ ਇਸ ਨੂੰ ਢਾਹੁਣ ਦੀ ਤਿਆਰੀ ਕਰ ਰਹੇ ਹਨ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਮਹਾਰਾਸ਼ਟਰ ਦੇ ਸਨਮਾਨ ਲਈ ਖੂਨ ਦੇਣ ਲਈ ਤਿਆਰ ਹਾਂ। ਇਹ ਕੁਝ ਵੀ ਨਹੀਂ ਹੈ, ਜੇ ਤੁਸੀਂ ਸਭ ਕੁਝ ਖੋਹ ਸਕਦੇ ਹੋ, ਪਰ ਮੇਰੀਆਂ ਭਾਵਨਾਵਾਂ ਵੱਧਦੀਆਂ ਰਹਿਣਗੀਆਂ।"
ਇਸ ਤੋਂ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਆਪਣਾ ਘਰ ਛੱਡਣ ਤੋਂ ਪਹਿਲਾਂ ਟਵੀਟ ਕਰਕੇ ਆਪਣੇ ਮਹਾਰਾਸ਼ਟਰ ਪਹੁੰਚਣ ਦੀ ਜਾਣਕਾਰੀ ਦਿੱਤੀ ਸੀ। ਕੰਗਨਾ ਰਣੌਤ ਨੇ ਲਿਖਿਆ, 'ਰਾਣੀ ਲਕਸ਼ਮੀਬਾਈ ਦੇ ਹੌਂਸਲੇ, ਬਹਾਦਰੀ ਅਤੇ ਕੁਰਬਾਨੀ ਨੂੰ ਮੈ ਫਿਲਮ ਦੇ ਜਰੀਏ ਮਹਿਸੂਸ ਕੀਤਾ ਹੈ। ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਮਹਾਰਾਸ਼ਟਰ ਆਉਣ ਤੋਂ ਰੋਕਿਆ ਜਾ ਰਿਹਾ ਹੈ।
ਸ਼ਿਵ ਸੈਨਾ ਨਾਲ ਚੱਲ ਰਹੇ ਵਿਵਾਦਾਂ ਵਿਚਾਲੇ ਅੱਜ ਮੁੰਬਈ ਪਰਤੇਗੀ ਕੰਗਨਾ
ਕੰਗਨਾ ਨੇ ਅੱਗੇ ਲਿਖਿਆ, 'ਮੈਂ ਰਾਣੀ ਲਕਸ਼ਮੀਬਾਈ ਦੇ ਪੈਰਾਂ ਦੇ ਨਿਸ਼ਾਨਾਂ 'ਤੇ ਚਲਾਂਗੀ ਨਾ ਡਰਾਂਗੀ, ਨਾ ਝੁਕਾਂਗੀ। ਗਲਤ ਦੇ ਵਿਰੁੱਧ ਮੁਖ਼ਰ ਹੋ ਕੇ ਆਵਾਜ਼ ਚੁੱਕਦੀ ਰਹਾਂਗੀ, ਜੈ ਮਹਾਰਾਸ਼ਟਰ, ਜੈ ਸ਼ਿਵਾਜੀ।'
ਇਸ ਤੋਂ ਪਹਿਲਾਂ ਮੰਗਲਵਾਰ ਦੀ ਸ਼ਾਮ ਨੂੰ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਆਪਣੇ ਜੱਦੀ ਘਰ ਪਹੁੰਚੀ, ਜਿਥੇ ਉਨ੍ਹਾਂ ਦਾ ਮੁੜ ਤੋਂ ਕੋਰੋਨਾ ਜਾਂਚ ਲਈ ਸੈਂਪਲ ਲਿਆ ਗਿਆ। ਸਿਹਤ ਵਿਭਾਗ ਬਾਲਦਵਾੜਾ ਦੀ ਟੀਮ ਨੇ ਉਨ੍ਹਾਂ ਦੇ ਭਾਂਬਲਾ ਸਥਿਤ ਘਰ ਪਹੁੰਚ ਕੇ ਸੈਂਪਲ ਲਏ। ਜਿਸ ਦੀ ਰਿਪੋਰਟ ਦੇਰ ਰਾਤ ਆਈ। ਰਿਪੋਰਟ 'ਚ ਕੰਗਨਾ ਰਣੌਤ ਕੋਰੋਨਾ ਨੈਗੇਟਿਵ ਪਾਈ ਗਈ ਹੈ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕੰਗਨਾ ਅਤੇ ਸ਼ਿਵ ਸੈਨਾ ਦਰਮਿਆਨ ਸ਼ਬਦਾਂ ਦੀ ਲੜਾਈ ਚੱਲ ਰਹੀ ਹੈ। ਕੰਗਨਾ ਨੇ ਕਿਹਾ ਕਿ ਉਹ ਮੁੰਬਈ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਅਤੇ ਮੁੰਬਈ 'ਚ ਪੀਓਕੇ ਵਾਂਗ ਮਹਿਸੂਸ ਕਰਦੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਨੇਤਾ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਲਈ ਕਿਹਾ। ਬੱਸ ਇਥੋਂ ਹੀ ਇਹ ਮਾਮਲਾ ਵੱਧਦਾ ਰਿਹਾ। ਹੁਣ ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ ਪਲੱਸ ਸੁਰੱਖਿਆ ਕਵਰ ਦਿੱਤਾ ਹੈ।