ਮੁੰਬਈ: ਭਾਰਤੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਲੇਖਕ ਗਿਰੀਸ਼ ਕਰਨਾਡ ਦਾ ਸੋਮਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਬੈਂਗਲੂਰ 'ਚ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਮੌਤ ਦਾ ਕਾਰਨ ਮਲਟੀਪਲ ਔਰਗਨ ਫ਼ੇਲਿਅਰ ਦੱਸਿਆ ਜਾ ਰਿਹਾ ਹੈ।
ਗਿਰੀਸ਼ ਕਰਨਾਡ ਨੂੰ ਭਾਰਤ ਦੇ ਉੱਘੇ ਲੇਖਕ, ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਨਾਟਕਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਗਿਰੀਸ਼ ਯੂਨੀਵਰਸਿਟੀ ਆਫ਼ ਸ਼ਿਕਾਗੋ 'ਚ ਬਤੌਰ ਪ੍ਰੋਫੈਸਰ ਵੀ ਕੰਮ ਕਰ ਚੁੱਕੇ ਹਨ। ਉੱਥੇ ਨੌਕਰੀ 'ਚ ਉਨ੍ਹਾਂ ਦਾ ਦਿਲ ਨਹੀਂ ਲੱਗਿਆ ਇਸ ਲਈ ਉਹ ਭਾਰਤ ਪਰਤ ਆਏ। ਭਾਰਤ ਪਰਤਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਾਹਿਤ ਅਤੇ ਫ਼ਿਲਮਾਂ ਨਾਲ ਜੁੜ ਗਏ।