ਅੰਮ੍ਰਿਤਸਰ: ਲੌਕਡਾਊਨ ਦੌਰਾਨ ਲਗਾਤਾਰ ਅਪਰਾਧਕ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਬਟਾਲਾ ਰੋਡ ਨੇੜੇ ਸਥਿਤ ਮੋਕਮੁਰ ਇਲਾਕੇ 'ਚ ਸਾਹਮਣੇ ਆਇਆ ਹੈ। ਇੱਥੇ ਕੁੱਝ ਹਥਿਆਰਬੰਦ ਨੌਜਵਾਨਾਂ ਨੇ ਇੱਕ ਸਬਜ਼ੀ ਵਿਕ੍ਰੇਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਸਬਜ਼ੀ ਵਿਕ੍ਰੇਤਾ ਦੇ ਘਰ ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹਮਲਾ ਇਸ ਬਾਰੇ ਦੱਸਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਸਬਜ਼ੀ ਵਿਕ੍ਰੇਤਾ ਆਪਣੀ ਰੇਹੜੀ ਲਗਾ ਕੇ ਸਮਾਨ ਵੇਚ ਰਿਹਾ ਸੀ, ਅਚਾਨਕ ਚਾਰ ਨੌਜਵਾਨ ਉਸ ਦੀ ਦੁਕਾਨ 'ਤੇ ਆਏ ਤੇ ਉਸ ਨਾਲ ਝਗੜਾ ਕਰਨ ਲੱਗੇ। ਸਬਜ਼ੀ ਵਿਕ੍ਰੇਤਾ ਦੇ ਭਰਾ ਦੇ ਮੁਤਾਬਕ ਉਹ ਚਾਰੋਂ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਸਨ। ਸਬਜ਼ੀ ਵਿਕ੍ਰੇਤਾ ਅਤੇ ਉਸ ਦਾ ਭਰਾ ਸਮਾਨ ਇੱਕਠਾ ਕਰ ਘਰ ਨੂੰ ਵਾਪਸ ਮੁੜ ਆਏ। ਜਿਵੇਂ ਹੀ ਉਹ ਘਰ ਵਾਪਸ ਮੁੜੇ ਉਕਤ ਚਾਰ ਨੌਜਵਾਨ, ਕੁੱਝ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਪੁੱਜੇ ਤੇ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਕੀਤਾ।
ਇਸ ਦੌਰਾਨ ਮੁਲਜ਼ਮਾਂ ਨੇ ਹਥਿਆਰ ਨਾਲ ਉਨ੍ਹਾਂ ਪਰਿਵਾਰਕ ਮੈਂਬਰਾਂ, ਬੱਚਿਆ ਤੇ ਔਰਤਾਂ ਸਣੇ ਕਈਆਂ ਉੱਤੇ ਹਥਿਆਰਾਂ ਨਾਲ ਵਾਰ ਕੀਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਉੱਤੇ ਪਥਰਾਵ ਵੀ ਕੀਤਾ ਤੇ ਹਥਿਆਰ ਵਿਖਾ ਕੇ ਉਨ੍ਹਾਂ ਦੇ ਘਰ ਲੁੱਟ ਕੀਤੀ, ਸਬਜ਼ੀ ਵਿਕ੍ਰੇਤਾ ਤੋਂ ਉਹ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਇਸ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੀੜਤ ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਸੂਚਨਾ ਮਿਲਦੇ ਹੀ ਘਟਨਾ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਅਧਿਕਾਰੀਆਂ ਨੇ ਗੰਭੀਰ ਜ਼ਖਮੀ ਤੇ ਹੋਰਨਾਂ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਹੈ। ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।