ਬਠਿੰਡਾ: ਇੱਥੋਂ ਦੇ ਇੱਕ ਪਾਰਕ ਵਿੱਚ ਮਿਲੀ ਨੌਜਵਾਨ ਦੀ ਲਾਸ਼ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅੱਜ ਜਦੋਂ ਉਹ ਪਾਰਕ ਵਿਚ ਗਏ ਤਾਂ ਉਨ੍ਹਾਂ ਨੂੰ ਇੱਕ ਨੌਜਵਾਨ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਦੋਂ ਉਸ ਦੀ ਪੜਤਾਲ ਕੀਤੀ ਗਈ ਤਾਂ ਉਸਦੀ ਜੇਬ ਵਿੱਚੋਂ ਹੈਰੋਇਨ ਦਾ ਨਸ਼ਾ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਹੋਈ ਉਨ੍ਹਾਂ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਚਿੱਟੇ ਦੇ ਨਸ਼ੇ ਦੇ ਨਾਲ ਹੀ ਹੋਈ ਹੈ।
ਬਠਿੰਡਾ ਦੇ ਇੱਕ ਪਾਰਕ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਿਲੀ ਨੌਜਵਾਨ ਦੀ ਲਾਸ਼ - ਲਾਸ਼
ਸ਼ਹਿਰ ਦੇ ਮਾਡਲ ਟਾਊਨ ਫੇਜ਼ 1 ਦੇ ਪਾਰਕ ਵਿੱਚ 26 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਕੇ ਰੱਖ ਦਿੱਤੀ। ਮੁਹੱਲਾ ਵਾਸੀਆਂ ਨੇ ਸਹਾਰਾ ਜਨ-ਸੇਵਾ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ।
ਜਦੋਂ ਇਸ ਸਬੰਧੀ ਜਾਂਚ ਅਧਿਕਾਰੀ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉੱਕਤ ਮ੍ਰਿਤਕ ਲੜਕੇ ਦੀ ਸ਼ਨਾਖ਼ਤ 26 ਸਾਲਾਂ ਯਾਦਵਿੰਦਰ ਨਾਂ ਦੇ ਸ਼ਖਸ ਵਜੋਂ ਹੋਈ ਹੈ ਅਤੇ ਉਹ ਮੁਲਤਾਨੀਆ ਰੋਡ ਦਾ ਵਾਸੀ ਹੈ ਅਤੇ ਉਸ ਦੀ ਮੌਤ ਦਾ ਅਸਲ ਕਾਰਨ ਪੜਤਾਲ ਦੇ ਅਧੀਨ ਹੈ।
ਮਾਮਲੇ ਦੀ ਪੁਸ਼ਟੀ ਕਰਨ ਦੇ ਲਈ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ, ਪਰ ਉਸ ਦਾ ਹਾਲੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਲਾਸ਼ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਹਾਲੇ ਇਸ ਬਾਰੇ ਕੁੱਝ ਵੀ ਕਹਿਣਾ ਸਹੀ ਨਹੀਂ ਹੈ ਕਿ ਲੜਕੇ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ, ਇਸ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।