ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਅਤੇ ਮੁੱਖ ਬੁਲਾਰੇ ਸੰਜੇ ਰਾਉਤ ਨੂੰ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਮ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪਾਰਟੀ ਅਧਿਕਾਰੀਆਂ ਮੁਤਾਬਕ ਰਾਉਤ ਨੂੰ ਧਮਕੀ ਸਬੰਧੀ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੇ ਮੋਬਾਈਲ 'ਤੇ ਵਟਸਐਪ ਮੈਸੇਜ ਮਿਲਿਆ। ਮੈਸੇਜ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਜਦੋਂ ਵੀ ਰਾਉਤ ਨਵੀਂ ਦਿੱਲੀ 'ਚ ਨਜ਼ਰ ਆਵੇਗਾ ਤਾਂ ਉਸ ਨੂੰ ਏ.ਕੇ.-47 ਰਾਈਫਲ ਨਾਲ ਗੋਲੀ ਮਾਰ ਦਿੱਤੀ ਜਾਵੇਗੀ। ਰਾਉਤ ਨੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਰਾਂਗੇ ਮੂਸੇਵਾਲਾ ਜਿਹਾ ਹਾਲ:ਉਸ ਨੇ ਅੱਗੇ ਦੱਸਿਆ ਕਿ ਉਸ ਨੂੰ ਮਿਲੇ ਮੈਸੇਜ 'ਚ ਲਿਖਿਆ ਹੈ ਕਿ 'ਮੈਂ ਤੁਹਾਡੇ ਨਾਲ ਵੀ ਮੂਸੇਵਾਲਾ ਵਾਂਗ ਹੀ ਕਰਾਂਗਾ'। ਮੈਸੇਜ 'ਚ ਅੱਗੇ ਲਿਖਿਆ ਗਿਆ ਹੈ ਕਿ 'ਸਲਮਾਨ ਐਂਡ ਯੂ ਫਿਕਸ', ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ਨੀਵਾਰ ਨੂੰ ਸ਼ਿਵ ਸੈਨਾ (ਯੂਬੀਟੀ) ਦੇ ਵਿਰੋਧੀ ਧਿਰ (ਕੌਂਸਲ) ਦੇ ਨੇਤਾ ਅੰਬਦਾਸ ਦਾਨਵੇ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਰਾਉਤ ਦੀ ਸੁਰੱਖਿਆ ਹਟਾ ਦਿੱਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਵੀ ਲਾਰੇਂਸ ਬਿਸ਼ਨੋਈ ਗੈਂਗ ਜਾਂ ਉਸ ਦੇ ਸਾਥੀਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।