ਕੁਇਟੋ:ਇਕਵਾਡੋਰ ਦੇ ਰਾਸ਼ਟਰਪਤੀ ਚੋਣ ਦੇ ਇਕ ਉਮੀਦਵਾਰ ਨੇ ਇਕ ਰੈਸਟੋਰੈਂਟ ਨੇੜੇ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਜਾਂਚ ਦੀ ਮੰਗ ਕੀਤੀ ਹੈ। ਉਮੀਦਵਾਰ ਨੇ ਦੋਸ਼ ਲਾਇਆ ਕਿ ਉਹ ਆਪਣੇ ਪਰਿਵਾਰ ਨਾਲ ਨਾਸ਼ਤਾ ਕਰ ਰਿਹਾ ਸੀ ਜਦੋਂ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਸੀਐਨਐਨ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਓਟੋ ਸੋਨੇਨਹੋਲਜ਼ਨਰ ਨੇ ਕਿਹਾ ਕਿ ਜਦੋਂ ਹਿੰਸਾ ਸ਼ੁਰੂ ਹੋਈ ਤਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਇੱਕ ਰੈਸਟੋਰੈਂਟ ਵਿੱਚ ਨਾਸ਼ਤਾ ਕਰ ਰਿਹਾ ਸੀ।
ਘਟਨਾ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ:ਇੱਕ ਵੀਡੀਓ ਜਾਰੀ ਕਰਦਿਆਂ ਉਮੀਦਵਾਰ ਨੇ ਕਿਹਾ ਕਿ ਉਹ ਅਜੇ ਰੈਸਟੋਰੈਂਟ ਵਿੱਚ ਪਹੁੰਚੇ ਹੀ ਸਨ ਕਿ ਅਚਾਨਕ ਹੀ ਕੁਝ ਮਿੰਟ ਬਾਅਦ, ਉਸ ਜਗ੍ਹਾ ਤੋਂ ਕੁਝ ਮੀਟਰ ਦੂਰ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਭਾਵੇਂ ਹੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪਰ ਅਜਿਹੀ ਘਟਨਾ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਗੋਲੀਬਾਰੀ ਦੀ ਘਟਨਾ ਬਾਰੇ ਬੋਲਦਿਆਂ, ਅੱਗੇ ਸੋਨੇਨਹੋਲਜ਼ਨਰ ਨੇ ਕਿਹਾ ਕਿ ਇਹ ਇਕ ਉਦਾਹਰਣ ਹੈ ਜੇਕਰ ਮੇਨੂੰ ਇੰਨਾ ਖਤਰਾ ਮਹਿਸੂਸ ਹੋ ਸਕਦਾ ਹੈ ਤਾਂ ਫਿਰ ਇਕਵਾਡੋਰ ਵਾਸੀਆਂ ਨੂੰ ਤਾਂ ਰੋਜ਼ਾਨਾ ਅਧਾਰ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ।
ਅਸੀਂ ਇਸ ਤਰ੍ਹਾਂ ਨਹੀਂ ਚੱਲ ਸਕਦੇ: ਉਨ੍ਹਾਂ ਅੱਗੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਅਸੀਂ ਸਾਰੇ ਠੀਕ ਹਾਂ ਪਰ ਜੋ ਹੋਇਆ ਉਸ ਦੀ ਜਾਂਚ ਦੀ ਮੰਗ ਕਰਦੇ ਹਾਂ। ਸੀਐਨਐਨ ਦੇ ਅਨੁਸਾਰ, ਉਸਨੇ ਕਿਹਾ ਕਿ ਮੈਂ ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਵਿੱਚ ਜੋ ਡਰ ਅਤੇ ਬੇਬਸੀ ਵੇਖੀ, ਉਸ ਨੇ ਮੈਨੂੰ ਦੁਖੀ ਕੀਤਾ। ਅਸੀਂ ਇਸ ਤਰ੍ਹਾਂ ਨਹੀਂ ਚੱਲ ਸਕਦੇ। ਇਹ ਗੋਲੀਬਾਰੀ ਇੱਕ ਹੋਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ, ਫਰਨਾਂਡੋ ਵਿਲਾਵਿਸੇਨਸੀਓ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਹੋਈ ਹੈ। ਉਹ ਦੇਸ਼ ਵਿੱਚ ਵਿਆਪਕ ਹਿੰਸਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਿਹਾ ਸੀ।
ਬਹੁਤ ਸਾਰੇ ਸ਼ਕਤੀਸ਼ਾਲੀ ਦੁਸ਼ਮਣ:ਵਾਸ਼ਿੰਗਟਨ ਪੋਸਟ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਵਿਲਾਵਿਸੇਨਸੀਓ ਨੂੰ 10 ਅਗਸਤ ਨੂੰ ਕਿਊਟੋ ਵਿੱਚ ਇੱਕ ਸਿਆਸੀ ਰੈਲੀ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਇਕਵਾਡੋਰ ਦੀ ਰਾਸ਼ਟਰੀ ਪੁਲਿਸ ਦੇ ਡਿਪਟੀ ਕਮਾਂਡਰ ਜਨਰਲ ਮੈਨੁਅਲ ਇਨੀਗੁਏਜ਼ ਨੇ ਪਹਿਲਾਂ ਦ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਸੀ ਕਿ ਵਿਲਾਵਿਸੇਨਸੀਓ, 59, ਨੂੰ ਕਈ ਵਾਰ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਕਿਊਟੋ ਦੇ ਇੱਕ ਹਾਈ ਸਕੂਲ ਤੋਂ ਇੱਕ ਰੈਲੀ ਛੱਡ ਰਿਹਾ ਸੀ। ਉਸ ਨੂੰ ਨੇੜਲੇ ਕਲੀਨਿਕ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਲਾਵਿਸੇਨਸੀਓ ਨੇ ਦਾਅਵਾ ਕੀਤਾ ਕਿ ਉਸਨੂੰ ਗੈਂਗਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ ਉਸਦੇ ਰਾਜਨੀਤਿਕ ਵਾਅਦਿਆਂ ਨੇ ਉਸਨੂੰ "ਬਹੁਤ ਸਾਰੇ ਸ਼ਕਤੀਸ਼ਾਲੀ ਦੁਸ਼ਮਣ" ਪ੍ਰਾਪਤ ਕੀਤੇ ਸਨ। ਸੀਐਨਐਨ ਦੀ ਰਿਪੋਰਟ ਮੁਤਾਬਕ ਉਸ ਦੇ ਪਰਿਵਾਰ ਨੇ ਰਾਜ 'ਤੇ 'ਪੂਰਵ-ਨਿਰਧਾਰਤ ਕਤਲ' ਦਾ ਦੋਸ਼ ਲਾਇਆ ਹੈ। ਸਰਕਾਰ ਖਿਲਾਫ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ ਹੈ। ਵਿਲਾਵਿਸੇਨਸੀਓ ਦੇ ਪਰਿਵਾਰ ਨੇ ਕਿਹਾ ਕਿ ਉਸ ਨੂੰ ਲੋੜੀਂਦੀ ਸੁਰੱਖਿਆ ਨਹੀਂ ਦਿੱਤੀ ਗਈ ਸੀ।