ਇਸਲਾਮਾਬਾਦ : ਪਾਕਿਸਤਾਨ ਨੇ ਰਾਜਦੂਤ ਮੋਈਨ ਓਲ ਹੱਕ ਨੂੰ ਭਾਰਤ 'ਚ ਸਥਿਤ ਪਾਕਿਸਤਾਨ ਅੰਬੈਸੀ ਵਿੱਚ ਆਪਣਾ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ,ਚੀਨ ,ਜਾਪਾਨ ਸਮੇਤ ਤਕਰੀਬਨ ਦੋ ਦਰਜਨ ਦੇਸ਼ਾਂ ਵਿੱਚ ਪਾਕਿਸਤਾਨ ਦੇ ਨਵੇਂ ਰਾਜਦੂਤਾਂ /ਹਾਈ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਹੈ।
ਫਿਲਹਾਲ ਭਾਰਤ ਵਿੱਚ ਨਿਯੁਕਤ ਕੀਤੇ ਗਏ ਹਾਈ ਕਮਿਸ਼ਨਰ ਮੋਈਨ ਓਲ ਹੱਕ ਮੌਜੂਦਾ ਸਮੇਂ ਵਿੱਚ ਫ੍ਰਾਂਸ ਦੇ ਰਾਜਦੂਤ ਹਨ। ਜ਼ਿਕਰਯੋਗ ਹੈ ਕਿ ਸੋਹੇਲ ਮਹਮੂਦ ਦੀ ਪਾਕਿਸਤਾਨ ਦੇ ਨਵੇਂ ਵਿਦੇਸ਼ੀ ਸਕੱਤਰ ਵਜੋਂ ਨਿਯੁਕਤੀ ਹੋ ਜਾਣ ਮਗਰੋਂ ਭਾਰਤ ਵਿੱਚ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦਾ ਉੱਚ ਅਹੁਦਾ ਖ਼ਾਲੀ ਸੀ।
ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਇੱਕ ਵੀਡੀਓ ਮੈਸੇਜ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟਰ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿੱਖਿਆ ਹੈ ਕਿ ਨਵੀਂ ਦਿੱਲੀ , (ਭਾਰਤ ) ਬੇਹਦ ਮਹੱਤਵਪੂਰਣ ਹੈ ਜਿਸ ਕਾਰਨ ਸਲਾਹ ਮਸ਼ਵਰਾ ਕੀਤੇ ਜਾਣ ਮਗਰੋਂ ਮੈਂ ਫ੍ਰਾਂਸ 'ਚ ਮੌਜੂਦਾ ਰਾਜਦੂਤ ਮੋਈਨ ਓਲ ਹੱਕ ਨੂੰ ਭਾਰਤ ਵਿੱਚ ਹਾਈ ਕਮਿਸ਼ਨਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੂੰ ਦਿੱਲੀ ਭੇਜਿਆ ਜਾਵੇਗਾ ਅਤੇ ਸਾਨੂੰ ਉਨ੍ਹਾਂ ਕੋਲੋਂ ਬਹੁਤ ਉਮੀਦਾਂ ਹਨ। ਉਮੀਦ ਹੈ ਕਿ ਉਹ ਬਿਹਤਰ ਕਰਨਗੇ। ਕੂਰੈਸ਼ੀ ਨੇ ਕਿਹਾ ਕਿ ਭਾਰਤ ਵਿੱਚ ਚੋਣ ਪ੍ਰਕਿਰਿਆ ਖ਼ਤਮ ਹੋਣ ਵਾਲੀ ਹੈ ਅਤੇ ਇਹ ਸੰਭਵ ਹੈ ਕਿ ਚੋਣਾਂ ਮਗਰੋਂ ਗੱਲਬਾਤ ਰਾਹੀਂ ਦੋਹਾਂ ਦੇਸ਼ਾਂ ਵਿਚਾਲੇ ਸੰਬਧਾਂ ਵਿੱਚ ਨਵਾਂ ਸਿਲਸਿਲਾ ਸ਼ੁਰੂ ਹੋ ਸਕਦਾ ਹੈ।