ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਰਾਹਤ ਪੈਕੇਜ ਪਾਕਿਸਤਾਨ ਦੇ ਕੁੱਲ ਜੀਡੀਪੀ ਦੇ ਬਰਾਬਰ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਰਜ਼ੇ ਵਿੱਚ ਡੁੱਬ ਰਿਹਾ ਹੈ, ਜੋ ਉਨ੍ਹਾਂ ਦੀ ਜੀਡੀਪੀ ਦਾ 90 ਪ੍ਰਤੀਸ਼ਤ ਹਿੱਸਾ ਹੈ। ਜਦੋਂ ਕਿ ਸਾਡਾ ਰਾਹਤ ਪੈਕੇਜ ਪਾਕਿਸਤਾਨ ਦੇ ਜੀਡੀਪੀ ਦੇ ਬਰਾਬਰ ਹੈ।
ਟਿੱਡੀ ਦਲ ਦੇ ਹਮਲੇ 'ਤੇ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਪ੍ਰਸਤਾਵ ਦਿੱਤਾ ਹੈ ਕਿ ਅਸੀਂ ਤਕਨੀਕੀ ਪੱਧਰ 'ਤੇ ਬੈਠਕਾਂ ਕਰ ਸਕਦੇ ਹਾਂ। ਇਹ ਮੁਲਾਕਾਤ ਟਿੱਡੀ ਚੇਤਾਵਨੀ ਸੰਸਥਾਵਾਂ ਵਿਚਕਾਰ ਹੋ ਸਕਦੀ ਹੈ।
ਇਹ ਵੀ ਪੜ੍ਹੋ: ਨੇਪਾਲੀ ਸੰਸਦ ਦੇ ਹੇਠਲੇ ਸਦਨ 'ਚ ਨਵੇਂ ਰਾਜਨੀਤਿਕ ਨਕਸ਼ੇ ਦਾ ਪ੍ਰਸਤਾਵ ਹੋਇਆ ਪਾਸ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਕਦ ਟ੍ਰਾਂਸਫਰ ਕਰਨ ਦੀ ਯੋਜਨਾ 'ਤੇ ਭਾਰਤ ਦੀ ਮਦਦ ਕਰਨ ਦੀ ਪਹਿਲ ਕੀਤੀ ਸੀ।
ਇਮਰਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 9 ਹਫ਼ਤਿਆਂ ਵਿੱਚ ਇੱਕ ਕਰੋੜ ਪਰਿਵਾਰਾਂ ਨੂੰ ਪਾਰਦਰਸ਼ੀ ਢੰਗ ਨਾਲ 120 ਬਿਲੀਅਨ ਰੁਪਏ ਦੀ ਸਹਾਇਤਾ ਦਿੱਤੀ ਹੈ। ਇਹ ਰਕਮ ਕੋਵਿਡ-19 ਤੋਂ ਪ੍ਰਭਾਵਿਤ ਗ਼ਰੀਬ ਪਰਿਵਾਰਾਂ ਦੀ ਸਹਾਇਤਾ ਲਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੀ ਯੋਜਨਾ ਦੀ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਹੋ ਰਹੀ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲੌਕਡਾਊਨ ਲਗਾਇਆ ਗਿਆ ਸੀ। ਲੌਕਡਾਊਨ ਕਾਰਨ ਸਮਾਜ ਦਾ ਤਕਰੀਬਨ ਹਰ ਵਰਗ ਆਰਥਿਕ ਤੌਰ 'ਤੇ ਪ੍ਰਭਾਵਤ ਹੋਇਆ ਹੈ।