ਚੰਡੀਗੜ੍ਹ:ਪੰਜਾਬੀ ਸਿਨੇਮਾ ਵਿੱਚ ਪ੍ਰੇਮ ਕਹਾਣੀਆਂ ਨੇ ਹਮੇਸ਼ਾ ਇੱਕ ਵਿਸ਼ੇਸ਼ ਸਥਾਨ ਰੱਖਿਆ ਹੈ ਅਤੇ ਹੁਣ "ਕੁੜੀ ਹਰਿਆਣੇ ਵੱਲ ਦੀ" ਫਿਲਮ (Kudi Haryane Val Di) ਨੇ ਇਸ ਲੜੀ ਵਿੱਚ ਵਾਧਾ ਕੀਤਾ ਹੈ। ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਜੋੜੀ ਜਲਦ ਹੀ ਇਸ ਫਿਲਮ ਨਾਲ ਪਿਆਰ ਅਤੇ ਹਾਸੇ ਲੈ ਕੇ ਆਉਣ ਲਈ ਤਿਆਰ ਹੈ।
ਫਿਲਮ "ਕੁੜੀ ਹਰਿਆਣੇ ਵੱਲ ਦੀ" (Kudi Haryane Val Di) ਸਾਨੂੰ ਦੋ ਰਾਜਾਂ ਦੀ ਪ੍ਰੇਮ ਕਹਾਣੀ ਦੀ ਇੱਕ ਮਨਮੋਹਕ ਯਾਤਰਾ 'ਤੇ ਲੈ ਜਾਣ ਦਾ ਵਾਅਦਾ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਮੀ ਵਿਰਕ ਪੰਜਾਬ ਦੇ ਰਹਿਣ ਵਾਲੇ ਹੋਣਗੇ ਅਤੇ ਸੋਨਮ ਬਾਜਵਾ ਇੱਕ ਹਰਿਆਣੇ ਦੀ ਰਹਿਣ ਵਾਲੀ ਕੁੜੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਜੋ ਆਪਣੇ ਆਪ ਨੂੰ ਪਿਆਰ, ਸੱਭਿਆਚਾਰ ਅਤੇ ਭਾਈਚਾਰੇ ਦੀਆਂ ਗੁੰਝਲਾਂ ਵਿੱਚ ਉਲਝੇ ਹੋਏ ਪਾਉਂਦੇ ਹਨ।
ਉਲੇਖਯੋਗ ਹੈ ਕਿ ਸੋਨਮ ਬਾਜਵਾ ਅਤੇ ਐਮੀ ਵਿਰਕ ਦੋਵੇਂ ਆਪਣੀ ਬੇਮਿਸਾਲ ਅਦਾਕਾਰੀ ਦੇ ਹੁਨਰ ਅਤੇ ਆਨ-ਸਕਰੀਨ ਕੈਮਿਸਟਰੀ ਲਈ ਮਸ਼ਹੂਰ ਹਨ। ਉਹਨਾਂ ਨੇ 'ਨਿੱਕਾ ਜ਼ੈਲਦਾਰ' ਵਰਗੀਆਂ ਕਈ ਫਿਲਮਾਂ ਵਿੱਚ ਇੱਕਠੇ ਕਿਰਦਾਰ ਨਿਭਾਇਆ ਹੈ।
"ਕੁੜੀ ਹਰਿਆਣੇ ਵੱਲ ਦੀ" ਦਾ ਨਿਰਦੇਸ਼ਕ ਰਾਕੇਸ਼ ਧਵਨ ਕਰ ਰਹੇ ਹਨ, ਜੋ ਆਪਣੀਆਂ ਫਿਲਮਾਂ ਵਿੱਚ ਹਾਸੇ ਅਤੇ ਦਿਲਾਂ ਨੂੰ ਮਿਲਾਉਣ ਦੀ ਕਲਾ ਲਈ ਜਾਣੇ ਜਾਂਦੇ ਹਨ। ਫਿਲਮ ਦੇ ਨਿਰਮਾਤਾ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਹਨ। ਵ੍ਹਾਈਟਹਿੱਲ ਸਟੂਡੀਓਜ਼ ਦੁਆਰਾ ਇਹ ਫਿਲਮ ਪੇਸ਼ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਐਲਾਨ ਕਰਨ ਲਈ ਸੋਨਮ ਬਾਜਵਾ ਅਤੇ ਐਮੀ ਵਿਰਕ ਨੇ ਇੰਸਟਾਗ੍ਰਾਮ 'ਤੇ ਫਿਲਮ ਦੀ ਰਿਲੀਜ਼ ਡੇਟ ਦੀ ਦਿਲਚਸਪ ਖਬਰ ਸਾਂਝੀ ਕੀਤੀ ਹੈ। ਸੋਨਮ ਬਾਜਵਾ ਨੇ ਲਿਖਿਆ '14 ਜੂਨ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ#KudiHaryaneValDi ਫਿਲਮ ਦੀ ਘੋਸ਼ਣਾ ਕਰਦਿਆਂ ਬਹੁਤ ਖੁਸ਼ੀ ਅਤੇ ਉਤਸ਼ਾਹਿਤ ਹਾਂ।' ਕੁੜੀ ਹਰਿਆਣੇ ਵੱਲ ਦੀ 14 ਜੂਨ 2024 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।