ਚੰਡੀਗੜ੍ਹ:ਇਸ ਸਾਲ 13 ਅਕਤੂਬਰ ਨੂੰ ਰਿਲੀਜ਼ ਹੋਈ ਗੱਬਰ ਸੰਗਰੂਰ ਦੁਆਰਾ ਨਿਰਦੇਸ਼ਤ ਪੰਜਾਬੀ ਫਿਲਮ 'ਵਾਈਟ ਪੰਜਾਬ' ਦਾ ਓਟੀਟੀ ਉੱਤੇ ਆਉਣ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਰਤਾਰ ਚੀਮਾ ਅਤੇ ਦਕਸ਼ ਅਜੀਤ ਸਿੰਘ ਦੀ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ ਅੱਜ 29 ਦਸੰਬਰ ਨੂੰ ਪੰਜਾਬੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਕਰ ਦਿੱਤੀ ਗਈ ਹੈ।
ਜੀ ਹਾਂ, ਤੁਸੀਂ ਸਹੀ ਪੜਿਆ ਹੈ... ਸ਼ਾਨਦਾਰ ਫਿਲਮ 'ਵਾਈਟ ਪੰਜਾਬ' ਅੱਜ (29 ਦਸੰਬਰ) ਤੋਂ ਚੌਪਾਲ ਉਤੇ ਉਪਲਬਧ ਹੋਵੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਸੁਵਿਧਾਜਨਕ ਬਣਾਉਂਦੇ ਹੋਏ ਆਪਣੇ ਘਰ ਬੈਠੇ ਹੀ ਵਾਈਟ ਪੰਜਾਬ ਦਾ ਆਨੰਦ ਲੈ ਸਕਦੇ ਹੋ।
ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਕਰਤਾਰ ਚੀਮਾ ਅਤੇ ਦਕਸ਼ ਅਜੀਤ ਸਿੰਘ ਦੇ ਨਾਲ-ਨਾਲ ਰੱਬੀ ਕੰਦੋਲਾ, ਮਹਾਬੀਰ ਭੁੱਲਰ, ਇੰਦਰਜੀਤ ਸਿੰਘ, ਦੀਪ ਚਾਹਲ ਅਤੇ ਗਾਇਕ ਕਾਕਾ ਵਰਗੇ ਸ਼ਾਨਦਾਰ ਕਲਾਕਾਰ ਹਨ। ਇਸ ਤੋਂ ਇਲਾਵਾ ਥੀਏਟਰ ਐਕਟਰ ਸੈਮੂਅਲ ਜੌਹਨ ਵੀ ਹਨ, ਜੋ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਹਰ ਇੱਕ ਅਦਾਕਾਰ ਨੇ ਫਿਲਮ ਵਿੱਚ ਆਪਣਾ ਵਿਲੱਖਣ ਰੰਗ ਦਿਖਾਇਆ ਹੈ।
ਇਸ ਤੋਂ ਪਹਿਲਾਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਗਾਇਕ ਕਾਕਾ ਨੇ ਇਸ ਫਿਲਮ ਨਾਲ ਸੰਬੰਧੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਕਿਹਾ ਸੀ, "ਪੰਜਾਬ ਵਿੱਚ ਗਾਇਕਾਂ ਨੂੰ ਨੌਜਵਾਨਾਂ ਵੱਲੋਂ ਰੋਲ ਮਾਡਲ ਵਜੋਂ ਦੇਖਿਆ ਜਾਂਦਾ ਹੈ। ਇੱਕ ਕਲਾਕਾਰ ਹੋਣ ਦੇ ਨਾਤੇ ਜਦੋਂ ਮੈਂ ਗਾਇਕਾਂ ਨੂੰ ਗੈਂਗਸਟਰਾਂ ਦੁਆਰਾ ਨਿਸ਼ਾਨਾ ਬਣਦੇ ਦੇਖਦਾ ਹਾਂ ਤਾਂ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਅਜਿਹੇ ਸਿਨੇਮਾ ਦਾ ਹਿੱਸਾ ਬਣਾਂ ਜੋ ਨੌਜਵਾਨਾਂ ਨੂੰ ਤਬਾਹ ਕਰ ਰਹੇ ਗੈਂਗ ਦੇ ਲੈਂਡਸਕੇਪ 'ਤੇ ਰੌਸ਼ਨੀ ਪਾਉਂਦਾ ਹੈ।'
ਚੰਡੀਗੜ੍ਹ ਅਤੇ ਮੋਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸ਼ੂਟਿੰਗ ਕੀਤੀ ਇਸ ਦਾ ਮੁੱਖ ਵਿਸ਼ਾ ਪੰਜਾਬੀ ਵਿੱਚ ਪੈਦਾ ਹੋ ਰਹੀਆਂ ਨਸ਼ਿਆਂ ਜਿਹੀਆਂ ਬੁਰੀਆਂ ਅਲਾਮਤਾਂ ਅਤੇ ਹੋਰ ਨਵੇਂ ਸਮਾਜਿਕ ਸਰੋਕਾਰਾਂ ਨੂੰ ਉਜਾਗਰ ਕਰਨਾ ਹੈ। ਇਸ ਫਿਲਮ ਦਾ ਨਿਰਦੇਸ਼ਨ ਅਤੇ ਲੇਖਨ ਦੋਨੋਂ ਹੀ ਨੌਜਵਾਨ ਨਿਰਦੇਸ਼ਕ ਗੱਬਰ ਸੰਗਰੂਰ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਨੌਜਵਾਨ ਵਰਗ ਨੂੰ ਕਾਫੀ ਸੇਧ ਦੇਣ ਵਾਲੀ ਹੈ। ਫਿਲਮ ਵਾਈਟ ਪੰਜਾਬ 'ਦਿ ਥੀਏਟਰ ਆਰਮੀ ਫਿਲਮਜ਼' ਦੁਆਰਾ ਬਣਾਈ ਗਈ ਹੈ, ਜੋ ਕਿ 'ਸਟ੍ਰੀਟ ਡਾਂਸਰ', 'ਦਿ ਡਿਪਲੋਮੈਂਟ' ਵਰਗੇ ਬਾਲੀਵੁੱਡ ਪ੍ਰੋਜੈਕਟਾਂ ਲਈ ਜਾਣੀ ਜਾਂਦੀ ਹੈ।