ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਗਾਇਕੀ ਖੇਤਰ ਵਿਚ ਬਰਾਬਰਤਾ ਨਾਲ ਆਪਣੀ ਮੌਜੂਦਗੀ ਦਾ ਇਜ਼ਹਾਰ ਕਰਵਾ ਰਹੇ ਗਾਇਕ ਰਵਿੰਦਰ ਗਰੇਵਾਲ ਆਪਣਾ ਨਵਾਂ ਗਾਣਾ ਡਾਇਰੀ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜੋ 30 ਅਗਸਤ ਨੂੰ ਵੱਖ-ਵੱਖ ਪਲੇਟਾਫ਼ਾਰਮਜ਼ 'ਤੇ ਜਾਰੀ ਕੀਤਾ ਜਾਵੇਗਾ।
‘ਹੋਟ ਸੋਟ ਮਿਊਜ਼ਿਕ’ ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿਚ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਜੁਆਏ ਅਤੁਲ ਨੇ ਤਿਆਰ ਕੀਤਾ ਹੈ, ਜਦਕਿ ਇਸ ਵਿਚ ਫ਼ੀਚਰਿੰਗ ਖੁਦ ਰਵਿੰਦਰ ਗਰੇਵਾਲ ਅਤੇ ਸਰਘੀ ਮਾਨ ਵੱਲੋਂ ਕੀਤੀ ਗਈ ਹੈ। ਨਿਰਮਾਤਾ ਰਮਨ ਕੁਮਾਰ ਅਤੇ ਪ੍ਰੋਜੈਕਟ ਹੈੱਡ ਗੋਰੂ ਡੋਗਰਾ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦੇ ਬੋਲ ਬਿੱਟੂ ਚੀਮਾ ਵੱਲੋਂ ਰਚੇ ਗਏ ਹਨ, ਜਦਕਿ ਇਸ ਸੰਗੀਤਕ ਪ੍ਰੋਜੈਕਟ ਸਬੰਧਤ ਮਿਊਜ਼ਿਕ ਵੀਡੀਓ ਦਾ ਫ਼ਿਲਮਾਂਕਣ ਪੰਜਾਬ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਜ਼ 'ਤੇ ਮੁਕੰਮਲ ਕੀਤਾ ਗਿਆ ਹੈ।
ਰਵਿੰਦਰ ਗਰੇਵਾਲ ਦੇ ਨਵੇਂ ਗੀਤ ਦਾ ਪੋਸਟਰ ਉਕਤ ਗਾਣੇ ਸੰਬੰਧੀ ਗੱਲ ਕਰਦਿਆਂ ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਪਿਆਰ ਭਰੀਆਂ ਕੋਮਲ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਇਹ ਗੀਤ ਆਧੁਨਿਕਤਾ ਦੇ ਰੰਗਾਂ ਵਿਚ ਗੁੰਮ ਹੋ ਰਹੇ ਸੰਗੀਤਕ ਸੁਮੇਲ ਦਾ ਵੀ ਮੁੜ ਉਮਦਾ ਇਜ਼ਹਾਰ ਕਰਵਾਏਗਾ। ਉਨ੍ਹਾਂ ਕਿਹਾ ਕਿ ਆਪਣੇ ਹਰ ਗਾਣੇ ਦੀ ਤਿਆਰੀ ਸਮੇਂ ਉਨਾਂ ਦੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਗਾਣੇ ਦੇ ਬੋਲ ਅਤੇ ਇਸ ਦਾ ਫ਼ਿਲਮਾਂਕਣ ਅਜਿਹਾ ਹੋਵੇ, ਜਿਸ ਨੂੰ ਹਰ ਪਰਿਵਾਰ ਇਕੱਠਿਆ ਬੈਠ ਕੇ ਸੁਣ ਅਤੇ ਵੇਖ ਸਕੇ।
ਉਨ੍ਹਾਂ ਕਿਹਾ ਕਿ ਮਿਆਰੀ ਸ਼ਬਦਾਂਵਲੀ ਅਧੀਨ ਬੁਣੇ ਗਏ ਇਸ ਟਰੈਕ ਦਾ ਪੱਧਰ ਬਹੁਤ ਹੀ ਮਿਆਰੀ ਰੱਖਿਆ ਗਿਆ ਹੈ, ਜੋ ਉਨਾਂ ਦੇ ਚਾਹੁੰਣ ਵਾਲਿਆਂ ਅਤੇ ਚੰਗੇਰ੍ਹਾ ਗੀਤ-ਸੰਗੀਤ ਸੁਣਨ ਦੀ ਤਾਂਘ ਰੱਖਦੇ ਸਰੋਤਿਆਂ ਨੂੰ ਜ਼ਰੂਰ ਪਸੰਦ ਆਵੇਗਾ। ਸੰਗੀਤਕ ਖੇਤਰ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿਚ ਵੀ ਲਗਾਤਾਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਪ੍ਰਗਟਾਵਾ ਕਰ ਰਹੇ ਗਾਇਕ-ਰਵਿੰਦਰ ਗਰੇਵਾਲ ਦੀਆਂ ਹਾਲ ਹੀ ਵਿਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ‘ਰੌਲਾ ਪੈ ਗਿਆ’, ‘ਜੱਜ ਸਿੰਘ ਐਲ.ਐੈਲ.ਬੀ’, ‘ਵਿਚ ਬੋਲੂਗਾਂ ਤੇਰੇ’ ਆਦਿ ਵਿਚਲੀਆਂ ਉਨਾਂ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲਿਆ ਹੈ।
ਉਪਰੰਤ ਸਿਨੇਮਾ ਖੇਤਰ ਵਿਚ ਉਨਾਂ ਦੀਆਂ ਆਗਾਮੀ ਯੋਜਨਾਵਾਂ, ਇਸ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਅਦਾਕਾਰੀ ਨੂੰ ਫ਼ਿਲਹਾਲ ਇਕ ਸ਼ੌਂਕ ਵਾਂਗ ਹੀ ਲੈ ਰਿਹਾ ਹੈ ਅਤੇ ਉਹੀ ਸਿਨੇਮਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਵਿਚ ਭੂਮਿਕਾ ਅਤੇ ਸੈੱਟਅੱਪ ਵਿਚ ਕੁਝ ਨਿਵੇਕਲਾਪਣ ਅਤੇ ਮਨਭਾਉਂਦਾ ਹੋਵੇ। ਰੋਮਾਂਟਿਕ ਅਤੇ ਰਿਸ਼ਤਿਆਂ ਦੀ ਖੂਬਸੂਰਤੀ ਅਤੇ ਮਨ ਨੂੰ ਛੂਹ ਲੈਣ ਵਾਲੀ ਬਿਆਨਗੀ ਕਰਦੇ ਅਣਗਿਣਤ ਗੀਤਾਂ ਦੁਆਰਾ ਨੌਜਵਾਨ ਵਰਗ ਤੋਂ ਲੈ ਕੇ ਹਰ ਵਰਗ ਦੇ ਸਰੋਤਿਆਂ ਦਾ ਪਿਆਰ, ਸਨੇਹ ਹਾਸਿਲ ਕਰਦੇ ਆ ਰਹੇ ਗਾਇਕ ਰਵਿੰਦਰ ਗਰੇਵਾਲ ਨੇ ਦੇਸ਼, ਵਿਦੇਸ਼ ਵਿਚ ਪੰਜਾਬੀਅਤ ਦੀ ਸਰਦਾਰੀ ਕਾਇਮ ਕਰਨ ਦਾ ਵੀ ਮਾਣ ਹਾਸਿਲ ਕੀਤਾ ਹੈ, ਜਿਸ ਸੰਬੰਧਤ ਹੀ ਸੰਗੀਤਕ ਅਤੇ ਅਦਾਕਾਰੀ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਰਹੇ ਇਸ ਹੋਣਹਾਰ ਗਾਇਕ-ਅਦਾਕਾਰ ਨੇ ਦੱਸਿਆ ਕਿ ਸੰਗੀਤਕ ਖੇਤਰ ਹੋਵੇ ਜਾਂ ਫਿਰ ਫਿਲਮਾਂ ਆਪਣੇ ਜ਼ਮੀਰ ਅਤੇ ਮਿਆਰ ਨਾਲ ਸਮਝੌਤਾ ਨਾ ਕਦੇ ਉਨਾਂ ਕੀਤਾ ਹੈ ਅਤੇ ਨਾ ਹੀ ਅੱਗੇ ਕਰਨਗੇ।