ਪੰਜਾਬ

punjab

ETV Bharat / entertainment

ਨਾਟਕ ‘ਮਾਸਟਰ ਜੀ’ ਨਾਲ ਹੁਣ ਯੂਰਪ ਦੇ ਦਰਸ਼ਕਾਂ ਦੇ ਸਨਮੁੱਖ ਹੋਣਗੇ ਰਾਣਾ ਰਣਬੀਰ, ਕੈਨੇਡਾ ਦੇ ਕਈ ਸ਼ਹਿਰਾਂ ਵਿਚ ਕੀਤਾ ਜਾ ਚੁੱਕਾ ਹੈ ਸਫ਼ਲ ਮੰਚਨ - ਰਾਣਾ ਰਣਬੀਰ ਦੇ ਨਾਟਕ

Rana Ranbir: ਆਪਣੀ ਫਿਲਮ 'ਮਨਸੂਬਾ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਪੰਜਾਬੀ ਦੇ ਦਿੱਗਜ ਅਦਾਕਾਰ ਰਾਣਾ ਰਣਬੀਰ ਹੁਣ ਆਪਣੇ ਨਾਟਕ 'ਮਾਸਟਰ ਜੀ' ਨਾਲ ਯੂਰਪ ਦੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।

Rana Ranbir
Rana Ranbir

By

Published : Jun 21, 2023, 1:21 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਾਕਮਾਲ ਅਦਾਕਾਰ, ਲੇਖਕ, ਨਿਰਦੇਸ਼ਕ ਰਾਣਾ ਰਣਬੀਰ ਇੰਨ੍ਹੀਂ ਦਿਨ੍ਹੀਂ ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ੁਰੂਆਤੀ ਅਭਿਨੈ ਪੈੜ੍ਹਾਂ ਦਾ ਮੁੱਢ ਬੰਨਣ ਵਾਲੇ ਥੀਏਟਰ ਨਾਲ ਵੀ ਸਾਂਝ ਮੁੜ ਸੁਰਜੀਤ ਕਰਦੇ ਜਾ ਰਹੇ ਹਨ, ਜੋ ਇਸੇ ਸਿਲਸਿਲੇ ਅਧੀਨ ਆਪਣਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ 'ਮਾਸਟਰ ਜੀ' ਲੈ ਕੇ ਯੂਰਪ ਦੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡੇ ਜਾ ਚੁੱਕੇ ਇਸ ਭਾਵਨਾਤਮਕ ਅਤੇ ਬਹੁਤ ਹੀ ਉਮਦਾ ਥੀਮ ਆਧਾਰਿਤ ਨਾਟਕ ਨੂੰ ਉਥੋਂ ਦੇ ਦਰਸ਼ਕਾਂ ਦਾ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲਿਆ ਹੈ, ਜਿਸ ਨਾਲ ਉਤਸ਼ਾਹਿਤ ਹੋਏ ਰਾਣਾ ਰਣਬੀਰ ਹੁਣ ਇਸ ਨਾਟ ਲੜ੍ਹੀ ਨੂੰ ਵਿਸਥਾਰ ਦਿੰਦੇ ਹੋਏ ਯੂਰਪੀ ਹਿੱਸਿਆਂ ਵਿਚ ਇਸ ਨਾਟਕ ਦਾ ਮੰਚਨ ਕਰਨ ਜਾ ਰਹੇ ਹਨ।

ਦੇਸੀ ਕਲਰਚ ਯੂਰਪ ਦੇ ਬੈਨਰ ਹੇਠ ਮੰਚਨ ਕੀਤੀ ਜਾ ਰਹੀ ਇਸ ਨਾਟ ਲੜ੍ਹੀ ਅਧੀਨ 28 ਨੂੰ ਐਮਸਟਰਡਮ, 29 ਜੁਲਾਈ ਨੂੰ ਬਰੱਸੇਲਸ, 30 ਜੁਲਾਈ ਨੂੰ ਪੈਰਿਸ, 31 ਜੁਲਾਈ ਨੂੰ ਮੁਨੀਚ, 5 ਅਗਸਤ ਨੂੰ ਕੋਨਿਯਨੇਨ ਹੈਲਸਿੰਕੀ, 6 ਅਗਸਤ ਨੂੰ ਬਰੱਮੇਨ, 12 ਅਗਸਤ ਨੂੰ ਓਲੇਟ ਗਿਰੋਨਾ, 13 ਅਗਸਤ ਨੂੰ ਵਿਕ ਬਾਰਸੀਲੋਨਾ ਵਿਚ ਇਹ ਨਾਟਕ ਸ਼ੋਅ ਕੀਤੇ ਜਾਣਗੇ।

ਉਕਤ ਨਾਟਕ ਸੋਅਜ਼ ਦਾ ਪ੍ਰਬੰਧਨ ਸੰਭਾਲ ਰਹੀਆਂ ਪੰਜਾਬੀ ਸ਼ਖ਼ਸ਼ੀਅਤਾਂ ਅਨੁਸਾਰ ਸਿੱਖਿਆਰਥੀਆਂ ਦੀ ਜ਼ਿੰਦਗੀ ਲਈ ਚਾਨਣ ਮੁਨਾਰਾ ਸਾਬਿਤ ਹੋ ਰਹੇ ਇਕ ਮਾਸਟਰ ਦੀ ਆਪਣੇ ਸਿੱਖਿਆਰਥੀਆਂ ਅਤੇ ਸਮਾਜ ਪ੍ਰਤੀ ਅਲਖ ਜਗਾਉਂਦੀਆਂ ਦਿਲੀ ਭਾਵਨਾਵਾਂ ਦੀ ਭਾਵਨਾਤਮਕ ਕਹਾਣੀ ਬਿਆਨ ਕਰਦੇ ਇਸ ਨਾਟਕ ਨੂੰ ਰਾਣਾ ਰਣਬੀਰ ਦੀ ਅਦਾਕਾਰੀ ਦਾ ਸਿਖਰ ਕਿਹਾ ਜਾ ਸਕਦਾ ਹੈ, ਜਿਸ ਵਿਚ ਉਨਾਂ ਦੀ ਬਹੁਮੁੱਖੀ ਸ਼ਖ਼ਸ਼ੀਅਤ ਦੇ ਕਈ ਸ਼ਾਨਦਾਰ ਅਤੇ ਉਮਦਾ ਪੱਖ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਉਨ੍ਹਾਂ ਕਿਹਾ ਕਿ ਪੰਜਾਬੀ ਨਾਟਕਕਾਰੀ ਦੇ ਖੇਤਰ ਵਿਚ ਰਾਣਾ ਰਣਬੀਰ ਦੀ ਚੜ੍ਹਤ ਉਨਾਂ ਦੇ ਕਾਲਜੀ ਜੀਵਨ ਤੋਂ ਹੀ ਰਹੀ ਹੈ, ਜਿਸ ਵਿਚ ਪੜ੍ਹਾਅ ਦਰ ਪੜ੍ਹਾਅ ਆਈ ਪਰਪੱਕਤਾ ਅਤੇ ਅਨੂਠੀ ਸਾਂਝ ਹੀ ਦਰਸ਼ਕਾਂ ਨੂੰ ਇਸ ਨਾਟਕ ਅਤੇ ਖਾਸ ਕਰ ਰਾਣਾ ਰਣਬੀਰ ਦੀ ਬਾਕਮਾਲ ਅਦਾਕਾਰੀ ਨਾਲ ਧੁਰ ਅੰਦਰ ਤੱਕ ਜੋੜਨ ਵਿਚ ਸਫ਼ਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਨਾਟਕ ਨੂੰ ਚਾਰ ਚੰਨ ਲਾਉਣ ਵਿਚ ਇਕ ਹੋਰ ਮਾਣਮੱਤੀ ਪੰਜਾਬੀ ਹਸਤੀ ਰਾਜਬੀਰ ਬੋਪਾਰਾਏ ਵੀ ਅਹਿਮ ਭੂਮਿਕਾ ਨਿਭਾਉਣਗੇ, ਜੋ ਇਸ ਨਾਟਕ ਦਾ ਬਹੁਤ ਹੀ ਪ੍ਰਭਾਵੀ ਹਿੱਸਾ ਹਨ। ਉਨ੍ਹਾਂ ਕਿਹਾ ਕਿ ਯੂਰਪੀ ਧਰਤੀ 'ਤੇ ਵਸਦੇ ਦਰਸ਼ਕਾਂ ’ਚ ਵੀ ਇਸ ਨਾਟਕ ਪ੍ਰਤੀ ਉਤਸ਼ਾਹ ਵਧਦਾ ਜਾ ਰਿਹਾ ਹੈ, ਕਿਉਂਕਿ ਰਾਣਾ ਰਣਬੀਰ ਪਹਿਲੀ ਵਾਰ ਇੱਥੇ ਆਪਣੇ ਚਾਹੁੰਣ ਵਾਲਿਆਂ ਅਤੇ ਚੰਗੇਰ੍ਹਾ ਨਾਟਕਾਂ ਦੀ ਹੌਂਸਲਾ ਅਫ਼ਜਾਈ ਕਰਨ ਵਾਲਿਆਂ ਦੇ ਰੁਬਰੂ ਹੋਣ ਜਾ ਰਹੇ ਹਨ।

ਓਧਰ ਜੇਕਰ ਰਾਣਾ ਰਣਬੀਰ ਦੇ ਸਿਨੇਮਾ ਫਰੰਟ ਨਾਲ ਜੁੜੇ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹੀਂ ਦਿਨ੍ਹੀਂ ਉਨਾਂ ਦੀ ਨਵੀਂ ਫਿਲਮ ‘ਮਨਸੂਬਾ’ ਵੀ ਸੰਪੂਰਨ ਹੋ ਚੁੱਕੀ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਉਨਾਂ ਵੱਲੋਂ ਹੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਤੌਰ ਅਦਾਕਾਰ ਵੀ ਉਨਾਂ ਦੀਆਂ ਕਈ ਫਿਲਮਾਂ ਰਿਲੀਜ਼ ਅਤੇ ਸ਼ੁਰੂਆਤੀ ਪੜ੍ਹਾਅ ਵੱਲ ਵਧਣ ਜਾ ਰਹੀਆਂ ਹਨ।

ABOUT THE AUTHOR

...view details