ਚੰਡੀਗੜ੍ਹ:ਹਿੰਦੀ ਫਿਲਮ ਜਗਤ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵੱਲ ਵੱਧ ਰਹੀ ਬਾਲੀਵੁੱਡ ਅਦਾਕਾਰਾ ਅਨੰਨਿਆ ਚੱਢਾ ਹੁਣ ਪੰਜਾਬੀ ਸਿਨੇਮਾ ਦਾ ਵੀ ਪ੍ਰਭਾਵੀ ਹਿੱਸਾ ਬਣਨ ਜਾ ਰਹੀ ਹੈ, ਜੋ ਨਿਰਮਾਣ ਅਧੀਨ ਅਤੇ ਅਰਥ-ਭਰਪੂਰ ਪੰਜਾਬੀ ਫਿਲਮ 'ਪੰਜਾਬ ਫਾਈਲਜ਼' ਦੁਆਰਾ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰੇਗੀ।
ਮੂਲ ਰੂਪ ਵਿੱਚ ਦਿੱਲੀ ਸੰਬੰਧਤ ਇਸ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਪੂਰੀ ਕੀਤੀ, ਜਿਸ ਤੋਂ ਬਾਅਦ ਉਸਨੇ ਨਿਊਯਾਰਕ ਫਿਲਮ ਅਕਾਦਮੀ ਤੋਂ ਬੈਚਲਰ ਆਫ ਮਾਸ ਕਮਿਊਨੀਕੇਸ਼ਨ 'ਚ ਗ੍ਰੈਜੂਏਸ਼ਨ ਕੀਤੀ ਹੋਈ ਹੈ।
ਆਪਣੀ ਉਕਤ ਫਿਲਮ ਅਤੇ ਆਪਣੇ ਕਰੀਅਰ ਨਾਲ ਜੁੜੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਬੇਹਤਰੀਨ ਅਦਾਕਾਰਾ ਨੇ ਦੱਸਿਆ ਕਿ ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਫਿਲਮ ਪੰਜਾਬ ਦੇ ਕਰੰਟ ਮੁੱਦਿਆਂ ਆਧਾਰਿਤ ਹੈ, ਜਿਸ ਵਿੱਚ ਉਹ ਨਵੇਂ ਚਿਹਰੇ ਇਸਪ੍ਰੀਤ ਕਪੂਰ ਦੇ ਨਾਲ ਲੀਡ ਕਿਰਦਾਰ ਵਿੱਚ ਨਜ਼ਰ ਆਵੇਗੀ।
ਉਸਨੇ ਦੱਸਿਆ ਕਿ 'ਮਨੀ ਬੋਪਾਰਾਏ ਫਿਲਮਜ਼' ਦੇ ਬੈਨਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਉਸਨੂੰ ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਸੁਖਦੇਵ ਬਰਨਾਲਾ, ਮਹਾਂਵੀਰ ਭੁੱਲਰ, ਸਿਮਰਨ ਸਹਿਜਪਾਲ, ਨੀਨਾ ਸਿੱਧੂ ਆਦਿ ਜਿਹੇ ਪੰਜਾਬੀ ਫਿਲਮਾਂ ਦੇ ਕਈ ਮੰਨੇ ਪ੍ਰਮੰਨੇ ਐਕਟਰਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਤੋਂ ਉਸਨੂੰ ਕਾਫੀ ਕੁਝ ਸਿੱਖਣ-ਸਮਝਣ ਨੂੰ ਮਿਲ ਰਿਹਾ ਹੈ।
ਆਪਣੇ ਪਰਿਵਾਰਿਕ ਪਿਛੋਕੜ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਬਾਕਮਾਲ ਅਦਾਕਾਰਾ ਨੇ ਦੱਸਿਆ ਕਿ ਉਸ ਦੀ ਮਾਤਾ ਗੁਰਪ੍ਰੀਤ ਕੌਰ ਚੱਢਾ ਵੀ ਹਿੰਦੀ ਫਿਲਮ ਜਗਤ ਵਿੱਚ ਸਤਿਕਾਰਿਤ ਹਸਤੀ ਵਜੋਂ ਪਹਿਚਾਣ ਰੱਖਦੇ ਹਨ, ਜੋ ਕਈ ਹਿੰਦੀ ਫਿਲਮਾਂ ਦਾ ਅਦਾਕਾਰਾ ਵਜੋਂ ਹਿੱਸਾ ਰਹਿਣ ਦੇ ਨਾਲ-ਨਾਲ ਮਾਇਆਨਗਰੀ ਮੁੰਬਈ ਵਿੱਚ ਪੰਜਾਬੀਅਤ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਤਿਉਹਾਰਾਂ ਨੂੰ ਜੀਵੰਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਜਿਨ੍ਹਾਂ ਵੱਲੋਂ ਕਰਵਾਏ ਸਮਾਗਮਾਂ ਵਿੱਚ ਬਾਲੀਵੁੱਡ ਦੀਆਂ ਬੇਸ਼ੁਮਾਰ ਅਤੇ ਦਿੱਗਜ ਸ਼ਖਸ਼ੀਅਤਾਂ ਸ਼ਾਮਿਲ ਹੁੰਦੀਆਂ ਹਨ।
ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੀ ਅਤੇ ਬਹੁਤ ਸਾਰੀਆਂ ਐਡ ਫਿਲਮਾਂ ਕਰਨ ਦਾ ਮਾਣ ਹਾਸਿਲ ਕਰ ਚੁੱਕੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਅਨੁਸਾਰ ਉਸ ਦੀਆਂ ਹਿੰਦੀ ਫਿਲਮਾਂ ਵਿੱਚ 'ਸਿੰਘ ਸਾਹਿਬ ਦਿ ਗ੍ਰੇਟ' ਅਤੇ 'ਆਸ਼ਿਕੀ 2' ਵੀ ਸ਼ਾਮਿਲ ਰਹੀਆਂ ਹਨ, ਜਿਨਾਂ 'ਚ ਉਸ ਨੇ ਕਾਫ਼ੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ, ਇਸ ਤੋਂ ਇਲਾਵਾ ਉਸਦੀਆਂ ਆਉਣ ਵਾਲੀਆਂ ਅਹਿਮ ਫਿਲਮਾਂ ਵਿੱਚ 'ਬਾਪ' ਵੀ ਸ਼ਾਮਿਲ ਹੈ, ਜਿਸ ਵਿੱਚ ਸੰਨੀ ਦਿਓਲ, ਸੰਜੇ ਦੱਤ, ਜ਼ੈਕੀ ਸ਼ਰਾਫ, ਮਿਥੁਨ ਚੱਕਰਵਰਤੀ ਜਿਹੇ ਦਿੱਗਜ ਕਲਾਕਾਰ ਲੀਡ ਕਿਰਦਾਰ ਅਦਾ ਕਰ ਰਹੇ ਹਨ।