ਚੰਡੀਗੜ੍ਹ:ਪਾਲੀਵੁੱਡ ਅਦਾਕਾਰ ਜਾਂ ਗਾਇਕ ਜਦ ਵੀ ਆਪਣਾ ਕੋਈ ਨਵਾਂ ਗੀਤ ਜਾਂ ਫਿਲਮ ਲੈ ਕੇ ਆਉਂਦੇ ਹਨ ਤਾਂ ਉਹ ਦਰਸ਼ਕਾਂ ਦੇ ਸਿੱਧਾ ਰੂਬਰੂ ਕਰਵਾਉਣ ਤੋਂ ਪਹਿਲਾਂ ਆਪਣੇ ਗੀਤ-ਫ਼ਿਲਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਹਨ। ਕਲਾਕਾਰ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ਉਤੇ ਖੁੱਲ੍ਹ ਕੇ ਦੱਸਦੇ ਹਨ, ਤਾਂ ਕਿ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਹੀ ਪਾਲੀਵੁੱਡ (pollywood) ਦੇ ਮਸ਼ਹੂਰ ਗਾਇਕ-ਅਦਾਕਾਰ ਐਮੀ ਵਿਰਕ (Ammy Virk) ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਗਾਇਕ ਨਾਲ 'ਰੁਪਿੰਦਰ ਗਾਂਧੀ' ਫੇਮ ਦੇਵ ਖਰੌੜ ਸਕ੍ਰੀਨ ਸਾਂਝੀ ਕਰਨਗੇ।
ਫਿਲਮ ਬਾਰੇ:ਜੀ ਹਾਂ...ਜੇਕਰ ਤੁਸੀਂ ਪੰਜਾਬੀ ਫਿਲਮਾਂ ਦੀ ਹਰ ਚਰਚਾ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਫਿਲਮ 'ਜੱਟ ਜੀਊਣਾ ਮੌੜ' ਦਾ ਰੀਮੇਕ ਬਣ ਰਿਹਾ ਹੈ। ਇਸ ਫਿਲਮ ਵਿੱਚ ਹੀ ਐਮੀ ਵਿਰਕ ਅਤੇ ਦੇਵ ਖਰੋੜ ਭੂਮਿਕਾ ਨਿਭਾਉਣ ਜਾ ਰਹੇ ਹਨ। ਫਿਲਮ ਲੋਕ ਕਹਾਣੀਆਂ ਦਾ ਪਾਤਰ ਜੀਊਣਾ ਮੌੜ ਹੀ ਹੋਵੇਗਾ, ਕੌਣ ਕਿਹੜੀ ਭੂਮਿਕਾ ਨਿਭਾਏਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੈ। ਫਿਲਮ ਮੌੜ ਦੇ ਬਾਰੇ ਹੋਰ ਗੱਲ ਕਰੀਏ ਤਾਂ ਇਸ ਨੂੰ ਅਦਾਕਾਰ ਅਤੇ ਲੇਖਕ ਜਤਿੰਦਰ ਮੌਹਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਨਾਦ ਸਟੂਡੀਓਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।