ਤਰਨਤਾਰਨ: ਕਸਬਾ ਫਤਿਆਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸਿਪਲ ਵਲੋ ਸਕੂਲ ਵਿੱਚ ਲੜਕੀਆਂ ਦੇ ਧਾਰਮਿਕ ਕਕਾਰ ਉਤਾਰਨ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਗੁਰਮੀਤ ਸਿੰਘ ਨਾਮਕ ਵਿਅਕਤੀ ਵੱਲੋਂ ਸਕੂਲ ਪ੍ਰਿੰਸਿਪਲ 'ਤੇ ਕਕਾਰ ਉਤਾਰਨ ਦਾ ਇਲਜ਼ਾਮ ਲਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਫੋਟੋ ਲਗਾ ਕੇ ਵੀਡਿਓ ਵਾਇਰਾਲ ਕਰ ਦਿੱਤੀ ਸੀ।ਇਸ ਤੋਂ ਬਾਅਦ ਸਿੱਖ ਸਮਾਜ ਅਤੇ ਧਾਰਮਿਕ ਜਥਬੰਦੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੀ।
ਅੱਜ ਸਕੂਲ ਪਹੁੰਚੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਪਿੰਡ ਦੀ ਪੰਚਾਇਤ ਵਲੋਂ ਦੋਵਾਂ ਧਿਰਾਂ ਨਾਲ ਮਾਮਲੇ ਸੰਬਧੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਦੋਵੇਂ ਧਿਰਾਂ 'ਚ ਆਪਸੀ ਸਹਿਮਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਕਰਯੋਗ ਹੈ ਕਿ ਉਕਤ ਸਾਰੇ ਘਟਨਾ ਕ੍ਰਮ ਦੌਰਾਨ ਵੀਡਿਓ ਵਾਇਰਲ ਕਰਨ ਵਾਲਾ ਗੁਰਮੀਤ ਸਿੰਘ ਖੁਦ ਮੌਕੇ 'ਤੇ ਨਹੀਂ ਪਹੁੰਚਿਆ। ਜਿਸਦੇ ਚੱਲਦੇ ਦੋਵਾਂ ਧਿਰਾਂ 'ਚ ਕੋਈ ਸਹਿਮਤੀ ਨਹੀਂ ਬਣ ਸਕੀ ਅਤੇ ਦੋਨੋ ਧਿਰਾਂ ਆਪਣੇ-ਆਪਣੇ ਸਟੈਂਡ 'ਤੇ ਕਾਇਮ ਦਿਖਾਈ ਦਿੱਤੀਆਂ।
ਇਸ ਸਬੰਧੀ ਸਕੂਲੀ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਕਲਾਸ 'ਚ ਆ ਕੇ ਪ੍ਰਿੰਸੀਪਲ ਵਲੋਂ ਉਨ੍ਹਾਂ ਦੇ ਕਕਾਰ ਉਤਾਰੇ ਗਏ। ਉਨ੍ਹਾਂ ਦਾ ਕਹਿਣਾ ਕਿ ਅਕਸਰ ਪ੍ਰਿੰਸੀਪਲ ਵਲੋਂ ਕੁੜੀਆਂ ਦੇ ਹੱਥਾਂ 'ਚ ਪਾਏ ਕੜੇ ਉਤਰਵਾ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹਾ ਕਈ ਵਾਰ ਹੋ ਚੁੱਕਿਆ ਹੈ।