ਸੰਗਰੂਰ:ਸੰਗਰੂਰ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਚੱਲ ਰਹੀ ਹੈ। ਲੋਕਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਕਈ ਸਿਆਸੀ ਆਗੂਆਂ ਵੱਲੋਂ ਵੀ ਆਪਣੀ ਵੋਟ ਭੁਗਤਾਈ ਗਈ। ਦੱਸ ਦਈਏ ਕਿ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਲੋਕ ਸਭਾ ਉਪ ਚੋਣ ਲਈ ਆਪਣੀ ਵੋਟ ਭੁਗਤਾਈ। ਨਾਲ ਹੀ ਇਸ ਦੌਰਾਨ ਕਈ ਵਿਧਾਇਕਾਂ ਨੇ ਵੀ ਵੋਟ ਪਾਈ।
ਵੋਟ ਪਾਉਣ ਤੋਂ ਬਾਅਦ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 3 ਮਹੀਨੇ ਪਹਿਲਾਂ 'ਆਪ' ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਸੀ ਅਤੇ 3 ਮਹੀਨਿਆਂ 'ਚ ਹੀ ਅਸੀਂ ਡਿਲੀਵਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਉਮੀਦ ਹੈ ਕਿ 'ਆਪ' ਭਾਰੀ ਫਤਵੇ ਨਾਲ ਜਿੱਤੇਗੀ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਕੇ ਜਾਣ ਲੋਕਤੰਤਰ ਦੇ ਇਸ ਦੇਸ਼ ਚ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੰਗਰੂਰ ਹਲਕਾ ਆਪ ਆਦਮੀ ਪਾਰਟੀ ਦੀ ਰਾਜਧਾਨੀ ਹੈ। ਇੱਥੋਂ ਦੇ ਲੋਕਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ ਅਤੇ ਅੱਗੇ ਵੀ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਹੀ ਭ੍ਰਿਸ਼ਟਾਚਾਰ ਨੂੰ ਨਕੇਲ ਕਸ ਦਿੱਤੀ ਹੈ। ਦੂਜੇ ਭ੍ਰਿਸ਼ਟ ਨੇਤਾਵਾਂ ਦੇ ਨਾਲ ਆਪਣੀ ਪਾਰਟੀ ਦੇ ਨੇਤਾ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਖਸ਼ਿਆ ਨਹੀਂ ਗਿਆ ਹੈ। ਉਹਨਾਂ ਨੇ ਕਿਹਾ ਕਿ ਆਪ ਪਾਰਟੀ ਹਰ ਹਾਲਾਤ ਇਹ ਚੋਣ ਜਿੱਤੇਗੀ।
ਇਸ ਦੌਰਾਨ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਆਪਣੀ ਵੋਟ ਭੁਗਤਾਈ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਹੈ ਸਗੋਂ ਉਨ੍ਹਾਂ ਦਾ ਮੁਕਾਬਲਾਂ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਦੇ ਮੁੱਦਿਆ ਦੇ ਨਾਲ ਹੈ।