ਪੰਜਾਬ

punjab

ETV Bharat / city

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਲੁਧਿਆਣਾ ਦੇ ਸਨਅਤਕਾਰਾਂ ਨਾਲ ਮੁਲਾਕਾਤ ਦੇ ਕੀ ਮਾਇਨੇ? - ਸਨਅਤਕਾਰਾਂ ਨਾਲ ਬੈਠਕ

ਆਮ ਆਦਮੀ ਪਾਰਟੀ ਪਹਿਲਾਂ ਹੀ ਫੰਡ ਦੀ ਡਿਮਾਂਡ ਕਰ ਚੁੱਕੀ ਹੈ। ਬੀਤੇ ਦਿਨੀਂ ਪਾਰਟੀ ਵੱਲੋਂ ਨਾ ਸਿਰਫ਼ ਟਵੀਟ ਕਰਕੇ ਸਗੋਂ ਵੱਡੀ ਲੀਡਰਸ਼ਿਪ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਦੇ ਕੋਲ ਫੰਡ ਨਹੀਂ ਹੈ। ਅਜਿਹੇ 'ਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫੰਡ ਮੁਹੱਈਆ ਕਰਵਾਇਆ ਜਾਵੇ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਲੁਧਿਆਣਾ ਦੇ ਸਨਅਤਕਾਰਾਂ ਨਾਲ ਮੁਲਾਕਾਤ ਦੇ ਕੀ ਮਾਇਨੇ?
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਲੁਧਿਆਣਾ ਦੇ ਸਨਅਤਕਾਰਾਂ ਨਾਲ ਮੁਲਾਕਾਤ ਦੇ ਕੀ ਮਾਇਨੇ?

By

Published : Sep 29, 2021, 10:00 PM IST

Updated : Sep 29, 2021, 10:37 PM IST

ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੇ ਦੌਰੇ 'ਤੇ ਹਨ। ਜਿਥੇ ਪਹਿਲੇ ਦਿਨ ਉਨ੍ਹਾਂ ਲੁਧਿਆਣਾ ਦੇ ਸਨਅਤਕਾਰਾਂ ਨਾਲ ਇੱਕ ਨਿੱਜੀ ਹੋਟਲ 'ਚ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਲੁਧਿਆਣਾ ਦੇ ਚੋਣਵੇ ਵਪਾਰੀਆਂ ਨੂੰ ਬੁਲਾਇਆ ਗਿਆ, ਜਿਥੇ ਕੇਜਰੀਵਾਲ ਵਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਕੁਝ ਵਾਅਦੇ ਵੀ ਕੀਤੇ ਗਏ, ਜਿਨ੍ਹਾਂ ਦਾ ਜਾਣਕਾਰੀ ਕੇਜਰੀਵਾਲ ਵਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਵੇਗੀ। ਇਸ ਮੌਕੇ 'ਤੇ ਕੁਝ ਵਪਾਰੀ ਇਸ ਮੀਟਿੰਗ ਤੋਂ ਨਾਰਾਜ਼ ਵੀ ਨਜ਼ਰ ਆਏ, ਜਿਨ੍ਹਾਂ ਦਾ ਰੋਸ ਹੈ ਕਿ ਉਨ੍ਹਾਂ ਨੂੰ ਸਟੇਜ 'ਤੇ ਚੜ੍ਹਨ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਸਬੰਧੀ ਛੋਟੇ ਵਪਾਰੀਆਂ ਦਾ ਕਹਿਣਾ ਕਿ ਲੁਧਿਆਣਾ 'ਚ 10 ਹਜ਼ਾਰ ਦੇ ਕਰੀਬ ਛੋਟੇ ਵਪਾਰੀ ਹਨ, ਜੇਕਰ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਦਾ ਵਪਾਰ ਖ਼ਤਮ ਹੋ ਜਾਵੇਗਾ।

ਆਪ ਨੇ ਕੀਤੀ ਸੀ ਫੰਡ ਦੀ ਡਿਮਾਂਡ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੁਧਿਆਣਾ ਵਿੱਚ ਸਨਅਤਕਾਰਾਂ ਨਾਲ ਬੈਠਕ ਨੂੰ ਲੈ ਕੇ ਵਿਰੋਧੀਆਂ ਵੱਲੋਂ ਹੁਣ ਸਵਾਲ ਵੀ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਦੇ ਕੋਲ ਫੰਡਾਂ ਦੀ ਕਾਫ਼ੀ ਘਾਟ ਹੈ, ਜਿਸ ਨੂੰ ਲੈ ਕੇ ਪਾਰਟੀ ਨੂੰ ਫੰਡ ਦੇਣ ਦੀ ਅਪੀਲ ਕੀਤੀ ਗਈ ਸੀ। ਹਾਲਾਂਕਿ 2017 'ਚ ਵੀ ਆਮ ਆਦਮੀ ਪਾਰਟੀ 'ਤੇ ਐਨ.ਆਰ.ਆਈਜ਼ ਵੱਲੋਂ ਵੱਡੀ ਤਦਾਦ 'ਚ ਫੰਡ ਇਕੱਠੇ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ।

ਅਰਵਿੰਦ ਕੇਜਰੀਵਾਲ ਦੀ ਵਪਾਰੀਆਂ ਨਾਲ ਬੈਠਕ ਦੇ ਕੀ ਮਾਇਨੇ ?

ਕਿਹੜੇ-ਕਿਹੜੇ ਕਾਰੋਬਾਰੀ ਹੋਏ ਸ਼ਾਮਲ

ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਲੁਧਿਆਣਾ ਦੇ ਕੁਝ ਚੋਣਵੇ ਵਪਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ। ਜਿਸ 'ਚ ਖਾਸ ਤੌਰ 'ਤੇ ਲਿਖਿਆ ਸੀ ਕਿ ਇਹ ਸੱਦਾ ਸਿਰਟਫ਼ ਇੱਕ ਵਿਅਕਤੀ ਲਈ ਹੈ। ਬੈਠਕ 'ਚ ਸ਼ਾਮਲ ਹੋਣ ਵਾਲੇ ਵਪਾਰੀਆਂ 'ਚ ਯੂ.ਸੀ.ਪੀ.ਐਮ.ਏ ਕਿਉਂਕਿ ਸਾਈਕਲ ਉਦਯੋਗ ਨਾਲ ਜੁੜੀ ਏਸ਼ੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ, ਉਸ ਦੇ ਪ੍ਰਧਾਨ ਡੀਐਸ ਚਾਵਲਾ, ਸੀ.ਆਈ.ਸੀ.ਯੂ ਭਾਵ ਚੈਂਬਰ ਆਫ਼ ਇੰਡਸਟਰੀ ਕਮਰਸ਼ੀਅਲ ਅੰਡਰਟੇਕਿੰਗ ਦੇ ਜਨਰਲ ਸਕੱਤਰ ਪੰਕਜ ਕੁਮਾਰ,ਹੋਟਲ ਐਸੋਸੀਏਸ਼ਨ ਨਾਲ ਜੁੜੇ ਪ੍ਰਧਾਨ ਅਮਰ ਵੀਰ ਸਿੰਘ ਤੋਂ ਇਲਾਵਾ ਲੁਧਿਆਣਾ ਦੇ ਕੁਝ ਚੁਣੇ ਹੋਏ ਟੈਕਸਟਾਈਲ ਹੌਜ਼ਰੀ ਵਪਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ।ਟੈਕਸਟਾਈਲ ਉਦਯੋਗ ਵਲੋਂ ਲੇਖਰਾਜ, ਸਾਈਕਲ ਪਾਰਟਸ ਵਲੋਂ ਕਾਰੋਬਾਰੀ ਅਵਤਾਰ ਸਿੰਘ ਭੋਗਲ ਦੇ ਛੋਟੇ ਭਰਾ ਨੇ ਹਿੱਸਾ ਲਿਆ। ਹੌਜ਼ਰੀ ਉਦਯੋਗ ਪਾਸਿਓ ਵਪਾਰੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਕੇਜਰੀਵਾਲ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

ਵਪਾਰੀ ਹੋਏ ਨਾਰਾਜ਼

ਅਰਵਿੰਦ ਕੇਜਰੀਵਾਲ ਨਾਲ ਵਪਾਰੀਆਂ ਦੀ ਹੋਈ ਬੈਠਕ 'ਚ ਕੁਝ ਵਪਾਰੀ ਨਾਰਾਜ਼ ਹੋ ਕੇ ਵੀ ਬਾਹਰ ਨਿਕਲ ਆਏ। ਇਨ੍ਹਾਂ 'ਚ ਟੈਕਸਟਾਈਲ ਅਤੇ ਹੌਜ਼ਰੀ ਇੰਡਸਟਰੀ ਦੇ ਲੇਖਰਾਜ ਅਤੇ ਚੈਂਬਰ ਆਫ ਇੰਡਸਟਰੀਅਲ ਐਂਟਰਪ੍ਰੋਨਿਓਰ ਦੇ ਪ੍ਰਧਾਨ ਨਾਰਾਜ਼ ਹੋ ਗਏ। ਉਨ੍ਹਾਂ ਦਾ ਕਹਿਣਾ ਕਿ ਸੀ ਕਿ ਸਟੇਜ 'ਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਕੇਜਰੀਵਾਲ ਨਾਲ ਰਾਬਤਾ ਨਹੀਂ ਕਰਨ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੂੰ 20 ਹੋਰ ਉਦਯੋਗਿਕ ਇਕਾਈਆਂ ਜੁੜੀਆਂ ਹਨ, ਜਿਸ ਦੀ ਅਗਵਾਈ ਲਈ ਉਹ ਆਏ ਸਨ ਪਰ ਉਨ੍ਹਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਉਨ੍ਹਾਂ ਛੋਟੇ ਵਪਾਰੀਆਂ ਦਾ ਕਹਿਣਾ ਕਿ ਕਈ ਵੱਡੇ ਵਪਾਰੀ ਜੋ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ 10 ਹਜ਼ਾਰ ਦੇ ਕਰੀਬ ਛੋਟੇ ਵਪਾਰੀ ਹਨ, ਜੋ ਘਰਾਂ 'ਚ ਚੱਲਦੇ ਹਨ ਅਤੇ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ ਤੇ ਨਾਲ ਹੀ ਬੰਦ ਹੋਣ ਦੇ ਕਿਨਾਰੇ ਪਏ ਹਨ।

ਸਾਈਕਲ ਇੰਡਸਟਰੀ ਨੇ ਦੱਸੀਆਂ ਆਪਣੀਆਂ ਗੱਲਾਂ

ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਸਾਈਕਲ ਐਸੋਸੀਏਸ਼ਨ ਵਲੋਂ ਡੀ.ਐਸ ਚਾਵਲਾ ਵਲੋਂ ਭਾਗ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇੰਡਸਟਰੀ ਨੇ ਕੇਜਰੀਵਾਲ ਦੇ ਸਾਹਮਣੇ ਆਪਣੀ ਗੱਲ ਰੱਖੀ ਹੈ, ਕੇਜਰੀਵਾਲ ਨੇ ਉਨ੍ਹਾਂ ਨਾਲ 5 ਵਾਅਦੇ ਵੀ ਕੀਤੇ ਹਨ, ਜਿਨ੍ਹਾਂ ਬਾਰੇ ਕੇਜਰੀਵਾਲ ਖੁਦ ਦੱਸਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਆਪ' ਤੋਂ ਸਵਾਲ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਹੁਣ ਤੱਕ ਸਾਈਕਲ ਇੰਡਸਟਰੀ ਲਈ ਕੀ ਕੀਤਾ ਹੈ, ਇਸ ਦੀ ਜਾਣਕਾਰੀ ਦੇਣ। ਡੀ.ਐਸ ਚਾਵਲਾ ਨੇ ਕਿਹਾ ਕਿ ਅਸੀਂ ਸਾਈਕਲ ਉਦਯੋਗ ਨੂੰ ਹੋਰ ਵੀ ਖੁਸ਼ਹਾਲ ਬਣਾਉਣ ਵਿੱਚ ਯੋਗਦਾਨ ਦੀ ਅਪੀਲ ਕਰਦੇ ਹਾਂ।

'ਆਪ' ਨੂੰ ਫੰਡ ਦੇਣ ਲਈ ਕੀ ਹੋਈ ਚਰਚਾ ?

ਇਸ ਮੀਟਿੰਗ ਤੋਂ ਬਾਅਦ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਦੀ ਬੁਖਲਾਹਟ ਹੈ ਕਿ ਅਰਵਿੰਦ ਕੇਜਰੀਵਾਲ ਦੀ ਵਪਾਰੀ ਵਰਗ ਨਾਲ ਹੋਈ ਮੀਟਿੰਗ ਤੋਂ ਘਬਰ ਗਏ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਪਾਰੀਆਂ ਤੋਂ ਕੋਈ ਫੰਡ ਨਹੀਂ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਕੇਜਰੀਵਾਲ ਵਲੋਂ ਸਿਰਫ਼ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡੁੱਬਦੀ ਹੋਈ ਇੰਡਸਟਰੀ ਨੂੰ ਕਿਵੇਂ ਬਚਾਉਣਾ ਹੈ, ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਜਦੋਂ ਕਿ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਪਾਰੀਆਂ ਕੋਲ ਕਿਸੇ ਵੀ ਪਾਰਟੀ ਲਈ ਦੇਣ ਨੂੰ ਕੋਈ ਫੰਡ ਨਹੀਂ ਹੈ।

ਅਰਵਿੰਦ ਕੇਜਰੀਵਾਲ ਦੀ ਵਪਾਰੀਆਂ ਨਾਲ ਬੈਠਕ ਦੇ ਕੀ ਮਾਇਨੇ

ਵਿਰੋਧੀਆਂ ਨੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੀ ਲੁਧਿਆਣਾ ਵਿੱਚ ਸਨਅਤਕਾਰਾਂ ਨਾਲ ਬੈਠਕ ਦੇ ਸਿਆਸੀ ਮਾਇਨੇ ਘੱਟ ਸਗੋਂ ਆਰਥਿਕ ਮਾਇਨੇ ਜ਼ਿਆਦਾ ਕੱਢੇ ਜਾ ਰਹੇ ਹਨ। ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਦੇ ਸਨਅਤਕਾਰ ਬਹੁਤ ਸਮਝਦਾਰ ਹਨ, ਉਹ ਆਮ ਆਦਮੀ ਪਾਰਟੀ ਦੀ ਗੱਲਾਂ ਵਿੱਚ ਨਹੀਂ ਆਉਣਗੇ, ਉਨ੍ਹਾਂ ਕਿਹਾ ਕਿ ਸਨਅਤਕਾਰ 'ਆਪ' ਨੂੰ ਨਕਾਰਨਗੇ। ਉਨ੍ਹਾਂ ਸਾਫ ਕਿਹਾ ਕਿ ਆਮ ਆਦਮੀ ਪਾਰਟੀ ਜੋ ਫੰਡਾਂ ਦੀ ਘਾਟ ਹੋਣ ਦੀ ਗੱਲ ਕਰ ਰਹੀ ਹੈ, ਉਹ ਝੂਠ ਹੈ ਕਿਉਂਕਿ ਜਿੰਨਾ ਪੈਸਾ ਆਮ ਆਦਮੀ ਪਾਰਟੀ ਦੇ ਕੋਲ ਹੈ ਉਨਾਂ ਕਿਸੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ 2018 ਤੱਕ ਆਮ ਆਦਮੀ ਪਾਰਟੀ ਵਲੋਂ ਐੱਨ.ਆਰ.ਆਈਜ਼ ਵੱਲੋਂ ਦਿੱਤੀ ਜਾਂਦੀ ਫੰਡਿੰਗ ਸਬੰਧੀ ਪੋਰਟਲ ਵੀ ਚਲਦਾ ਰਿਹਾ ਪਰ ਉਸ ਤੋਂ ਬਾਅਦ ਉਹ ਬੰਦ ਹੋ ਗਿਆ।

ਕਿਉਂ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਮਿਲਦੇ ਨੇ ਸਿਆਸਤਦਾਨ

ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਕਿਹਾ ਜਾਂਦਾ ਹੈ। ਲੁਧਿਆਣਾ 'ਚ ਸਾਈਕਲ ਇੰਡਸਟਰੀ, ਹੌਜ਼ਰੀ ਇੰਡਸਟਰੀ, ਆਟੋ ਪਾਰਟਸ ਇੰਡਸਟਰੀ, ਸਿਲਾਈ ਮਸ਼ੀਨ ਇੰਡਸਟਰੀ, ਰੈਡੀਮੇਡ ਗਾਰਮੈਂਟ, ਧਾਗਾ ਇੰਡਸਟਰੀ, ਸਟੀਲ ਇੰਡਸਟਰੀ ਦਾ ਵੱਡਾ ਹੱਥ ਹੈ। ਲੁਧਿਆਣਾ 'ਚ ਕੁੱਲ 14000 ਦੇ ਕਰੀਬ ਐੱਮ.ਐੱਸ.ਐੱਮ.ਈ ਯੂਨਿਟ ਹਨ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਕਈ ਵੱਡੇ ਇੰਡਸਟਰੀ ਬਰੈਂਡ ਸ਼ਾਮਿਲ ਹਨ, ਜਿਨ੍ਹਾਂ 'ਚ ਹੀਰੋ ਸਾਈਕਲਜ਼, ਏਵਨ ਸਾਇਕਲ, ਵਰਧਮਾਨ ਆਦਿ ਕਈ ਹੋਰ ਵੱਡੇ ਨਾਂ ਹਨ ਅਤੇ ਸਰਕਾਰ ਦੇ ਵਿੱਚ ਵੱਡੇ ਉਦਯੋਗਿਕ ਘਰਾਣਿਆਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਸਰਕਾਰ ਨੂੰ ਇੰਡਸਟਰੀ ਤੋਂ ਵੱਡਾ ਰੈਵੇਨਿਊ ਜਨਰੇਟ ਹੁੰਦਾ ਹੈ, ਅਜਿਹੇ 'ਚ ਇੰਡਸਟਰੀ ਨੂੰ ਆਪਣੇ ਵੱਲ ਕਰਨਾ ਹਰ ਕਿਸੇ ਸਿਆਸਤਦਾਨ ਦੀ ਪਹਿਲ ਹੁੰਦੀ ਹੈ।

ਕਾਬਿਲੇਗੌਰ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਵੱਲੋਂ ਨਾ ਸਿਰਫ਼ ਲੋਕਾਂ ਨੂੰ ਸਗੋਂ ਸਨਅਤਕਾਰਾਂ ਨੂੰ ਵੀ ਆਪੋ ਆਪਣੇ ਹੱਕ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਹਾਲਾਂਕਿ ਇਨ੍ਹਾਂ ਬੈਠਕਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਬੈਠਕਾਂ ਦੇ ਵਿੱਚ ਸਿਰਫ਼ ਸਨਅਤ ਨੂੰ ਲੈ ਕੇ ਜਾਂ ਉਨ੍ਹਾਂ ਨੂੰ ਆਉਣ ਵਾਲੀ ਮੁਸ਼ਕਿਲਾਂ ਦੇ ਹੱਲ ਸਬੰਧੀ ਵਿਚਾਰ ਚਰਚਾ ਹੁੰਦੀ ਹੈ ਜਾਂ ਫਿਰ ਫੰਡਾਂ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ। ਉਥੇ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਵਲੋਂ ਪਿਛਲੇ ਦਿਨੀਂ ਫੇਸਬੁੱਕ 'ਤੇ ਪੋਸਟ ਸਾਂਝੀ ਕਰਕੇ 18 ਸਾਲ ਤੋਂ ਉੱਤੇ ਦੇ ਹੋਰ ਨਾਗਰਿਕ ਤੋਂ ਚੋਣਾਂ ਲਈ ਫੰਡ ਦੇਣ ਦੀ ਅਪੀਲ ਕੀਤੀ ਗਈ ਸੀ।

ਇਹ ਵੀ ਪੜ੍ਹੋ:ਅਸਤੀਫਾ ਦੇ ਕੇ ਵੀ ਪ੍ਰਧਾਨ ਸਿੱਧੂ ਹੀ, ਮੁੱਦਾ ਬਣਿਆ ਚੁਣੌਤੀ

Last Updated : Sep 29, 2021, 10:37 PM IST

ABOUT THE AUTHOR

...view details