ਲੁਧਿਆਣਾ: ਬੀਜ ਘੁਟਾਲੇ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਹੁਣ ਭੱਖਦੀ ਜਾ ਰਹੀ ਹੈ। ਪੰਜਾਬ ਕੈਬਿਨੇਟ ਮੰਤਰੀ ਦਾ ਨਾਂਅ ਇਸ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ ਵੱਲੋਂ ਲਗਾਤਾਰ ਕੈਪਟਨ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਵੀਰਵਾਰ ਨੂੰ ਅਕਾਲੀ ਦਲ ਲੁਧਿਆਣਾ ਦੇ ਸੀਨੀਅਰ ਲੀਡਰਾਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ। ਅਕਾਲੀ ਦਲ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਢਿੱਲੋਂ, ਮਹੇਸ਼ ਇੰਦਰ ਗਰੇਵਾਲ ਅਤੇ ਚਰਨਜੀਤ ਸਿੰਘ ਅਟਵਾਲ ਮੌਜੂਦ ਰਹੇ। ਜਿਨ੍ਹਾਂ ਨੇ ਸੁਖਜਿੰਦਰ ਰੰਧਾਵਾ ਦੇ ਅਸਤੀਫ਼ੇ ਦੀ ਅਤੇ ਉਸ 'ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਬੀਜ ਘੁਟਾਲਾ: ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਵਿਰੁੱਧ ਕਾਰਵਾਈ ਦੀ ਕੀਤੀ ਮੰਗ - ਸੁਖਜਿੰਦਰ ਰੰਧਾਵਾ
ਬੀਜ ਘੁਟਾਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਆਪਣੇ ਮੰਗ ਪੱਤਰ 'ਚ ਸੁਖਜਿੰਦਰ ਰੰਧਾਵਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਦਾ ਹੱਕ ਕੈਪਟਨ ਸਰਕਾਰ ਨੇ ਖਾ ਲਿਆ ਹੈ ਅਤੇ ਹੁਣ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ। ਕਿਸਾਨਾਂ ਤੇ ਸਰਕਾਰ ਨੇ ਇੱਕ ਹੋਰ ਵੱਡਾ ਕੰਮ ਕਰ ਦਿੱਤਾ ਹੈ। ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ 'ਤੇ ਹਨ। ਹੁਣ ਉਨ੍ਹਾਂ ਨੂੰ ਜੋ ਬੀਜ ਸਸਤੀ ਕੀਮਤ 'ਤੇ ਮਿਲਣਾ ਚਾਹੀਦਾ ਸੀ ਉਸ ਨੂੰ ਦੁੱਗਣੀ ਤਿੱਗਣੀ ਕੀਮਤਾਂ 'ਤੇ ਵੇਚਿਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਨੂੰ ਵੀ ਸ਼ਰਨਜੀਤ ਢਿੱਲੋਂ ਨੇ ਡਰਾਮਾ ਦੱਸਿਆ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕੈਬਿਨੇਟ ਮੰਤਰੀ ਦੇ ਵਿਰੁੱਧ ਸਰਕਾਰ ਨੂੰ ਐੱਫਆਈਆਰ ਦਰਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨਿਰਪੱਖ ਏਜੰਸੀ ਤੋਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਰੇਵਾਲ ਨੇ ਕਿਹਾ ਕਿ ਇਸ ਦਾ ਕੇਂਦਰ ਬਿੰਦੂ ਕਰਨਾਲ ਨਹੀਂ ਸਗੋਂ ਗੁਰਦਾਸਪੁਰ ਹੈ। ਗੁਰਦਾਸਪੁਰ ਤੋਂ ਵੀ ਇਹ ਪੂਰਾ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐੱਸਆਈਟੀ ਬਣਾ ਕੇ ਇਸ ਦੇ ਮੁੱਖ ਦੋਸ਼ੀ ਅਤੇ ਕੈਬਿਨੇਟ ਮੰਤਰੀ ਦੇ ਅਕਸ ਨੂੰ ਬਚਾਉਣਾ ਚਾਹੁੰਦੀ ਹੈ।