ਲੁਧਿਆਣਾ: ਅਕਸਰ ਮਾਂ ਬਾਪ ਨੂੰ ਇਹ ਉਮੀਦ ਹੁੰਦੀ ਹੈ ਕਿ ਉਨ੍ਹਾਂ ਦਾ ਮੁੰਡਾ ਵੱਡਾ ਹੋ ਕੇ ਉਨ੍ਹਾਂ ਦੀ ਸੇਵਾ ਕਰੇਗਾ ਅਤੇ ਬੁਢਾਪੇ ਦਾ ਸਹਾਰਾ ਬਣੇਗਾ। ਪਰ, ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਐੱਸ ਐੱਸ ਨਗਰ 'ਚ ਰਹਿਣ ਵਾਲੇ ਮਾਂ ਪੁੱਤਰ ਰੋਟੀ ਅਤੇ ਦਵਾਈ ਲਈ ਮੋਹਤਾਜ ਹੋ ਗਏ ਹਨ। ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ 15 ਸਾਲ ਤੋਂ ਮੰਜੇ 'ਤੇ ਪਿਆ ਹੈ ਅਤੇ ਜੇਕਰ ਕੋਈ ਭਲਾ ਮਾਨਸ ਵਿਅਕਤੀ ਉਨ੍ਹਾਂ ਦੀ ਮਦਦ ਲਈ ਕੁਝ ਰੁਪਏ ਜਾਂ ਰਾਸ਼ਨ ਭੇਜ ਦੇਣ ਤਾਂ ਖਰਚਾ ਚੱਲ ਜਾਂਦਾ ਹੈ ਨਹੀਂ ਤਾਂ ਭੁੱਖੇ ਹੀ ਸੌਣਾ ਪੈਂਦਾ ਹੈ।
ਨਿਰਮਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਉਨ੍ਹਾਂ ਦੇ ਘਰ ਦਾ ਖਰਚਾ ਚਲਾਉਂਦਾ ਸੀ ਪਰ 15 ਸਾਲ ਪਹਿਲਾਂ ਉਸ ਨੂੰ ਦਿਮਾਗ ਦੀ ਕੋਈ ਬਿਮਾਰੀ ਲੱਗ ਗਈ। ਇਸ ਕਰਕੇ ਉਹ ਬਿਸਤਰੇ 'ਤੇ ਆ ਗਿਆ ਅਤੇ ਫਿਰ ਉਸ ਦੇ ਦੋਹੇ ਪੈਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਨਿਰਮਲਾ ਦੇਵੀ ਦੱਸਦੀ ਹੈ ਕਿ ਉਹ ਖੁਦ ਵੀ ਕਿਸੇ ਫੈਕਟਰੀ 'ਚ ਕੰਮ ਕਰਦੀ ਸੀ ਪਰ ਪੁੱਤਰ ਦੀ ਇਸ ਹਾਲਤ ਕਾਰਨ ਉਸ ਨੂੰ ਵੀ ਘਰ ਬੈਠਣ ਲਈ ਮਜਬੂਰ ਹੋਣਾ ਪੈ ਗਿਆ।