ਲੁਧਿਆਣਾ : ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਮੋਟਰਾਂ ਦੀ ਬਿਜਲੀ ਦਿੱਤੇ ਜਾਣ ਦੇ ਲਿਖਤੀ ਭਰੋਸਾ ਬਾਅਦ ਧਰਨਾ ਚੁੱਕਿਆ। ਰਾਏਕੋਟ ਦੇ ਕਸਬਾ ਸੁਧਾਰ ਵਿਖੇ ਖੇਤਾਂ ਵਿੱਚ ਮੋਟਰਾਂ ਵਾਲੀ ਬਿਜਲੀ ਨਾ ਆਉਣ ਤੋਂ ਭੜਕੇ ਕਿਸਾਨਾਂ ਵੱਲੋਂ ਬੀਕੇਯੂ(ਸਿੱਧੂਪੁਰ-ਏਕਤਾ) ਦੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਅਤੇ ਬੀਕੇਯੂ(ਰਾਜੇਵਾਲ) ਦੇ ਬਲਾਕ ਪ੍ਰਧਾਨ ਰਣਬੀਰ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦਫ਼ਤਰ ਸੁਧਾਰ ਅੱਗੇ ਵਿਸ਼ਾਲ ਰੋਸ ਧਰਨਾ ਲਗਾਇਆ।
ਜਿਸ ਦੌਰਾਨ ਵੱਡੀ ਗਿਣਤੀ 'ਚ ਕਿਸਾਨਾਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ(Ludhiana-Bathinda highway) 'ਤੇ ਘੰਟਿਆ ਬੱਧੀ ਚੱਕਾ ਜਾਮ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਝੋਨੇ ਦੀ ਵਢਾਈ ਦੇ ਅਖੀਰਲੇ ਸਮੇਂ ਖੇਤਾਂ ਨੂੰ ਪਾਣੀ ਲਾਉਣ ਲਈ ਬਿਜਲੀ ਨਾ ਦਿੱਤੇ ਜਾਣ ਤੋਂ ਕਿਸਾਨ ਪ੍ਰੇਸ਼ਾਨ ਹਨ।
ਪ੍ਰੰਤੂ ਪਾਵਰਕਾਮ ਸਬ ਡਵੀਜ਼ਨ ਸੁਧਾਰ ਦੇ ਐਸਡੀਓ ਜਸਜੀਤ ਸਿੰਘ(SDO Jasjit Singh) ਵੱਲੋਂ ਝੂਠ ਬੋਲਣ ਅਤੇ ਸਹੀ ਜਾਣਕਾਰੀ ਨਾ ਦੇਣ ਕਾਰਨ ਭੜਕੇ ਕਿਸਾਨਾਂ ਨੇ ਮਜ਼ਬੂਰਨ ਇਹ ਧਰਨਾ ਲਗਾਇਆ। ਧਰਨੇ ਦੌਰਾਨ ਕਿਸਾਨਾਂ ਨੇ ਐਂਬੂਲੈਂਸਾਂ ਅਤੇ ਮਰੀਜ਼ਾਂ ਵਾਲੇ ਵਾਹਨਾਂ ਸਤਿਕਾਰ ਨਾਲ ਰਸਤਾ ਦੇ ਕੇ ਲੰਘਾਇਆ, ਜਦਕਿ ਧਰਨੇ ਕਾਰਨ ਦੂਸਰੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।