ਲੁਧਿਆਣਾ: ਜ਼ਿਲ੍ਹੇ ਦੇ ਕੁਮਕਲਾ ਪਿੰਡ ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਜਾਇਜ਼ ਮਾਈਨਿੰਗ ਦੇ ਮਾਮਲੇ ਚ ਪੁਲਿਸ ਨੇ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੁਆਰਾ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਜਿਸ ’ਤੇ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
5 ਲੋਕ ਕੀਤੇ ਕਾਬੂ:ਦੱਸ ਦਈਏ ਕਿ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਮੁੰਡੀਆ ਵੱਲੋਂ ਪੁਲਿਸ ਦੀ ਟੀਮ ਦੇ ਨਾਲ ਛਾਪੇਮਾਰੀ ਕੀਤੀ ਗਈ। ਮਾਮਲੇ ਸਬੰਧੀ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ ’ਤੇ ਇੱਕ ਜੇਸੀਬੀ ਮਸ਼ੀਨ ਅਤੇ 3 ਟਿੱਪਰ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੂਮਕਲਾਂ ਦੇ ਐੱਸਐੱਚਓ ਰਾਜਬੀਰ ਸਿੰਘ ਨੇ ਦੱਸਿਆ ਕਿ ਪਿੰਡ ਬਲੀਏਵਾਲ ਵਿੱਚ ਗੈਰਕਾਨੂੰਨੀ ਮਾਈਨਿੰਗ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਸੀ ਮੌਕੇ ’ਤੇ ਪੁਲਿਸ ਪਾਰਟੀ ਪਹੁੰਚੀ ਅਤੇ ਉਨ੍ਹਾਂ ਦੇ ਨਾਲ ਹਲਕੇ ਦੇ ਵਿਧਾਇਕ ਵੀ ਨਾਲ ਗਏ। ਜਿਸ ਤੋਂ ਬਾਅਦ ਮੌਕੇ ’ਤੇ ਇੱਕ ਜੇਸੀਬੀ ਮਸ਼ੀਨ ਜੋ ਕਿ ਟਿੱਪਰ ਭਰ ਰਹੀ ਸੀ ਜਦਕਿ ਦੋ ਖਾਲੀ ਟਿੱਪਰ ਵੀ ਬਰਾਮਦ ਹੋਏ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਮਾਈਨਿੰਗ ਦੀ ਕੋਈ ਵੀ ਪਰਮਿਸ਼ਨ ਨਹੀਂ ਸੀ।