ਜਲੰਧਰ: ਇੱਕ ਪਾਸੇ ਸੂਬੇ ਭਰ ਵਿੱਚ ਕੋਰੋਨਾ ਮਹਾਂਮਾਰੀ ਤੇ ਦੂਜੇ ਪਾਸੇ ਕਿਸਾਨ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ 'ਤੇ ਆ ਕੇ ਰੇਲ ਰੋਕੋ ਅੰਦੋਲਨ ਕਰ ਰਹੇ ਹਨ। ਇਸੇ ਵਿਚਾਲੇ ਸ਼ਹਿਰ ਦੀ ਦਾਣਾ ਮੰਡੀ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ।
ਜਲੰਧਰ ਦੇ ਦਾਣਾ ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਇਥੇ ਆਪਣੀ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਮੰਡੀ ਵਿੱਚ ਪ੍ਰਬੰਧ ਵਧੀਆ ਕੀਤੇ ਗਏ ਹਨ, ਪਰ ਇਸ ਵਾਰ ਫਸਲ ਦੀ ਖ਼ਰੀਦ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਕਾਰਨ ਕੁੱਝ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕਿਸਾਨਾਂ ਨੇ ਦੱਸਿਆ ਆੜ੍ਹਤੀਆਂ ਵੱਲੋਂ ਪੂਰੀ ਤਰ੍ਹਾਂ ਸੁੱਕੇ ਹੋਏ ਝੋਨੇ ਦੀ ਹੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਮੇਂ ਤੋਂ ਪਹਿਲਾਂ ਖਰੀਦ ਦੇ ਚਲਦੇ ਕਿਸਾਨਾਂ ਉੱਤੇ ਝੋਨੇ ਨੂੰ ਸੁਕਾਉਣ ਲਈ ਲੇਬਰ ਦਾ ਵਾਧੂ ਖਰਚਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਸ਼ਾਇਦ ਇਸੇ ਸਾਲ ਹੀ ਉਹ ਆਪਣੀ ਫਸਲਾਂ ਦਾ ਸਮਰਥਨ ਮੁੱਲ ਹਾਸਲ ਕਰ ਸਕਣਗੇ। ਕਿਉਂਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਈ ਖੇਤੀ ਸੁਧਾਰ ਕਾਨੂੰਨ ਮੁਤਾਬਕ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਮੁਤਾਬਕ ਫਸਲਾਂ ਦੇ ਮੁੱਲ ਦੇਣਗੇ। ਕਿਸਾਨਾਂ ਨੇ ਖੇਤੀ ਸੁਧਾਰ ਕਾਨੂੰਨ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ ਤੇ ਕੰਨਟਰੈਕਟ ਫਾਰਮਿੰਗ ਦਾ ਵਿਰੋਧ ਕੀਤਾ।
ਝੋਨੇ ਦੀ ਖਰੀਦ ਸਬੰਧੀ ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਕਿਹਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੰਡੀਆਂ 'ਚ ਝੋਨੇ ਦੀ ਖ਼ਰੀਦ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਸੁੱਕਾ ਝੋਨਾ ਹੀ ਲੈ ਕੇ ਆਉਣ। ਉਨ੍ਹਾਂ ਇਸ ਸਬੰਧ ਵਿੱਚ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ। ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਜਿੱਥੇ ਝੋਨੇ ਦੀ ਖ਼ਰੀਦ ਸਮੇਂ ਸਿਰ ਕੀਤੀ ਜਾਵੇਗੀ, ਉੱਥੇ ਹੀ ਲਿਫ਼ਟਿੰਗ ਤੇ ਭੁਗਤਾਨ ਦਾ ਕੰਮ ਵੀ ਸਮੇਂ ਸਿਰ ਕੀਤਾ ਜਾਵੇਗਾ।