ਚੰਡੀਗੜ੍ਹ :ਨੌਵੇਂ ਮਹੀਨੇ ਦਾ ਇਹ 27 ਸਤੰਬਰ ਦਾ ਦਿਨ ਇਤਿਹਾਸ ਵਿੱਚ ਭਾਰਤ ਮਾਤਾ ਦੇ ਸੱਭ ਤੋਂ ਲਾਡਲੇ ਪੁੱਤਰ ਅਤੇ ਅੰਗ੍ਰੇਜਾਂ ਦੀ ਗੁਲਾਮੀ ਤੋਂ ਆਜ਼ਾਦੀ ਦਵਾਉਣ ਭਗਤ ਸਿੰਘ ਦੇ ਜਨਮਦਿਨ ਵੱਜੋਂ ਇਤਿਹਾਸ ਵਿੱਚ ਦਰਜ਼ ਹੈ।
ਪੀਐਮ ਮੋਦੀ ਨੇ ਟਵੀਟ ਕਰ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਪੀਐਮ ਮੋਦੀ ਨੇ ਆਪਣੇ ਟਵੀਟ 'ਚ ਲਿਖਿਆ, "ਮਹਾਨ ਅਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਭਾਵ ਪੂਰਨ ਸ਼ਰਧਾਂਜਲੀ।"
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
" ਭਾਰਤ ਮਾਂ ਦੇ ਵੀਰ ਸਪੂਤ, ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। "
ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
" ਸ਼ਹੀਦ ਭਗਤ ਸਿੰਘ ਜੀ ਹਰ ਭਾਰਤ ਵਾਸੀ ਦੀ ਆਤਮਾ 'ਚ ਵਸੇ ਹੋਏ ਹਨ, ਸਾਡੀ ਆਜ਼ਾਦੀ ਉਨ੍ਹਾਂ ਦੀ ਬਦੌਲਤ ਹੈ। ਅੱਜ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ 'ਤੇ, ਮੈਂ ਇਹ ਕਹਿਣਾ ਚਾਹਾਂਗਾ ਕਿ ਭਗਤ ਸਿੰਘ ਦੀ ਸੋਚ' ਤੇ ਚੱਲਣਾ ਅਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖਣਾ ਸਾਡਾ ਫਰਜ਼ ਹੈ। "
ਭਗਤ ਸਿੰਘ ਦੀ ਜੀਵਨੀ
ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ।
ਉਨ੍ਹਾਂ ਦੇ ਪਿਤਾ ਦਾ ਨਾਂਅ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਉਹ ਇੱਕ ਜੱਟ ਸਿੱਖ ਪਰਿਵਾਰ ਸੀ, ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਭਗਤ ਸਿੰਘ ਦੇ ਜਨਮ ਵੇਲੇ ਉਸ ਦੇ ਪਿਤਾ ਅਤੇ ਦੋ ਚਾਚਿਆਂ, ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਭਾਗਾਂ ਵਾਲਾ ਸਮਝਿਆ ਗਿਆ ਉਸ ਦੇ ਵਡੇਰੇ ਭਾਰਤੀ ਆਜ਼ਾਦੀ ਲਹਿਰਾਂ ਵਿੱਚ ਸਰਗਰਮ ਸਨ, ਕੁਝ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕਰਦੇ ਰਹੇ ਸਨ।
ਭਗਤ ਸਿੰਘ ਦੇ ਦਾਦਾ, ਅਰਜਨ ਸਿੰਘ ਨੇ ਸਵਾਮੀ ਦਯਾਨੰਦ ਸਰਸਵਤੀ ਦੀ ਹਿੰਦੂ ਸੁਧਾਰਵਾਦੀ ਲਹਿਰ, ਆਰੀਆ ਸਮਾਜ, ਨੂੰ ਅਪਣਾਇਆ ਜਿਸਦਾ ਭਗਤ ਸਿੱਘ ਉੱਤੇ ਕਾਫ਼ੀ ਪ੍ਰਭਾਵ ਪਿਆ। ਉਨ੍ਹਾਂ ਦੇ ਪਿਤਾ ਅਤੇ ਚਾਚੇ ਕਰਤਾਰ ਸਿੰਘ ਸਰਾਭਾ ਅਤੇ ਹਰਦਿਆਲ ਦੀ ਅਗਵਾਈ ਵਿੱਚ ਭਾਰਤ ਦੀ ਸੁਤੰਤਰਤਾ ਲਈ ਸਰਗਰਮ ਗਦਰ ਪਾਰਟੀ ਦੇ ਮੈਂਬਰ ਸਨ। ਅਜੀਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਅਦਾਲਤੀ ਮਾਮਲਿਆਂ ਤਹਿਤ ਕੈਦ ਕੀਤਾ ਹੋਇਆ ਸੀ ਜਦੋਂ ਕਿ ਜੇਲ੍ਹ ਵਿੱਚੋਂ ਰਿਹਾ ਕੀਤੇ ਜਾਣ ਤੋਂ ਬਾਅਦ 1910 ਵਿੱਚ ਲਾਹੌਰ ਵਿੱਚ ਦੂਜੇ ਚਾਚੇ ਸਵਰਨ ਸਿੰਘ ਦੀ ਮੌਤ ਹੋ ਗਈ ਸੀ।
ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿੱਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਿਆ। ਅੰਗਰੇਜ਼ ਇਸ ਸਕੂਲ ਨੂੰ 'ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ।
ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦੇ ਪੜ੍ਹਾਕੂ ਤਾਂ ਨਹੀਂ ਸੀ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਰਦੂ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦੇ ਹੁੰਦੇ ਸਨ।
ਉਨ੍ਹਾਂ ਦੀ ਉਮਰ ਦੇ ਬਹੁਤ ਸਾਰੇ ਸਿੱਖ ਵਿਦਿਆਰਥੀਆਂ ਵਾਂਗ ਭਗਤ ਸਿੰਘ ਨੇ ਲਾਹੌਰ ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਨਹੀਂ ਲਿਆ। ਉਸ ਦੇ ਦਾਦੇ ਨੇ ਇਸ ਸਕੂਲ ਦੇ ਅਧਿਕਾਰੀਆਂ ਦੀ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਨੂੰ ਸਵੀਕਾਰ ਨਹੀਂ ਕੀਤਾ।
1919 ਵਿੱਚ ਜਦੋਂ ਉਹ 12 ਸਾਲਾਂ ਦੇ ਸੀ ਤਾਂ ਭਗਤ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ, ਜਿੱਥੇ ਇੱਕ ਪਬਲਿਕ ਸਭਾ ਵਿੱਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ।
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ 24 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ ਸੀ,ਪਰ ਸਮੇਂ ਵਿੱਚ ਫੇਰ ਬਦਲ ਕੀਤੀ ਅਤੇ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋਂ : ਸੋਚ ਸਮਝਕੇ ਨਿੱਕਲਿਓ ਘਰੋਂ ਬਾਹਰ ਅੱਜ ਹੈ ਭਾਰਤ ਬੰਦ