ਸ੍ਰੀ ਫ਼ਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਏਕੜ ਜ਼ਮੀਨ ਵਿਖੇ 69 ਵਾਂ ਜੰਗਲ ਬਾਗ ਲਗਾਇਆ ਗਿਆ ਹੈ। ਇਹ ਜੰਗਲ ਬਾਗ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ ਹੈ। ਇਹ ਜੰਗਲ ਬਾਗ ਲਾਉਣ ਦਾ ਮੁਖ ਮਕਸਦ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਤੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਹੈ।
ਇਸ ਜੰਗਲ ਬਾਗ਼ ਵਿੱਚ ਵੱਖ ਵੱਖ ਤਰ੍ਹਾਂ ਦੇ ਬੂੱਟੇ ਜਿਵੇਂ ਬੋਹੜ, ਪਿੱਪਲ, ਨਿੰਮ, ਹਰੜ, ਬਹੇੜਾ ,ਆਂਵਲਾ, ਅੰਬ , ਜਾਮਣ ਅਤੇ ਹੋਰ ਕਈ ਤਰ੍ਹਾਂ ਦੇ ਛਾਂ ਦੇਣ ਵਾਲੇ ਤੇ ਫੱਲਦਾਰ ਬੂਟੇ ਲਗਾਏ ਗਏ। ਇਥੇ ਬਾਗ ਲਾਉਣ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ ।
ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲਗਾਇਆ 69ਵਾਂ ਜੰਗਲ ਬਾਗ ਇਸ ਮੌਕੇ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਵਿਖੇ 69ਵਾਂ ਬਾਗ਼ ਲਗਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਇਨ੍ਹਾਂ ਬਾਗਾਂ ਨੂੰ ਲਗਾਉਣ ਦਾ ਮੁਖ ਮਨੋਰਥ ਵਾਤਾਵਰਨ ਸ਼ੁੱਧ ਤੇ ਧਰਤੀ ਨੂੰ ਹਰਿਆ ਭਰਿਆ ਰੱਖਣਾ ਹੈ। ਦੂਜੇ ਪਾਸੇ ਜੋ ਪੰਛੀ ਅਲੋਪ ਹੋ ਚੁੱਕੇ ਹਨ, ਉਨ੍ਹਾਂ ਲਈ ਇਹ ਜੰਗਲ ਬਾਗ ਰੈਣ ਬਸੇਰਾ ਵੀ ਬਣੇਗਾ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿੱਥੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ ਉੱਥੇ ਕਈ ਬਾਗ਼ ਲਗਾਏ ਜਾ ਚੁੱਕੇ ਹਨ।
ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਇਤਿਹਾਸਕ ਗੁਰਦੁਆਰਿਆਂ 'ਚ ਬਾਗ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਗ਼ ਵਿੱਚ ਪੁਰਾਤਨ ਵੱਖ ਵੱਖ ਤਰ੍ਹਾਂ ਦੇ ਪੌਦੇ ਜਿਵੇਂ ਕਿ ਬੋਹੜ, ਪਿੱਪਲ, ਨਿੰਮ, ਹਰੜ ਵਰਗੇ ਚਿਕਿਤਸਕ ਗੁਣਾਂ ਵਾਲੇ ਬੂੱਟੇ ਲਾਏ ਗਏ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੇ ਅੰਦਰ ਹਵਾ ਤੇ ਪਾਣੀ ਪ੍ਰਦੂਸ਼ਿਤ ਹੋ ਚੁੱਕੇ ਹਨ। ਅਜਿਹੇ ਸਮੇਂ 'ਚ ਸਾਨੂੰ ਮੁੜ ਵਾਤਾਵਰਣ ਦੀ ਸੰਭਾਲ 'ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇਕਰ ਸੂਬੇ 'ਚ ਕਿਸੇ ਵੀ ਥਾਂ ਜਿਥੇ ਇਤਿਹਾਸਕ ਗੁਰਦੁਆਰੇ ਜਾਂ ਪਿੰਡਾਂ ਦੇ ਗੁਰਦੁਆਰੇ ਸਥਿਤ ਹਨ ਤੇ ਉਹ ਬਾਗ ਲਗਾਉਣਾ ਚਾਹੁੰਦੇ ਹਨ ਤਾਂ ਬਾਬਾ ਸੇਵਾ ਸਿੰਘ ਨਾਲ ਸੰਪਰਕ ਕਰ ਸਕਦੇ ਹਨ।