ਚੰਡੀਗੜ੍ਹ:ਪੰਜਾਬ 'ਚ ਪੁਰਾਣੇ ਵਾਹਨਾਂ ਦੇ ਫਿਟਨੈਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਦੇ ਦਿਨੋ-ਦਿਨ ਵਧ ਰਹੇ ਬੋਝ ਨੂੰ ਘਟਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਸਾਰੀਆਂ 11 ਆਸਾਮੀਆਂ 'ਤੇ ਮੋਟਰ ਵਾਹਨ ਇੰਸਪੈਕਟਰਾਂ (ਐਮ.ਵੀ.ਆਈ.) ਦੀ ਤੈਨਾਤੀ ਕਰ ਦਿੱਤੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 11 ਆਰ.ਟੀ.ਏਜ਼. ਅਧੀਨ ਸਿਰਫ਼ 4 ਐਮ.ਵੀ.ਆਈ. ਪੁਰਾਣੇ ਵਾਹਨਾਂ ਨੂੰ ਫ਼ਿਟਨੈੱਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦਾ ਕੰਮ ਸਾਂਭ ਰਹੇ ਸਨ ਜਿਸ ਕਾਰਨ ਆਰ.ਟੀ.ਏ. ਦਫ਼ਤਰਾਂ ਵਿੱਚ ਕੰਮ ਦੀ ਚਾਲ ਸੁਸਤ ਹੋਣ ਕਰਕੇ ਫ਼ਾਈਲਾਂ ਦੇ ਢੇਰ ਲੱਗੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਇਸ ਲਈ ਕੰਮ ਦੇ ਬੋਝ ਨੂੰ ਘਟਾਉਣ ਅਤੇ ਹੋਰ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਿੱਚ ਅੰਦਰੂਨੀ ਪ੍ਰਬੰਧ ਕਰਦਿਆਂ ਪੰਜਾਬ ਰੋਡਵੇਜ਼ ਤੋਂ ਸਟਾਫ਼ ਲੈ ਕੇ ਐਮ.ਵੀ.ਆਈ. ਦੀਆਂ ਸਾਰੀਆਂ ਆਸਾਮੀਆਂ 'ਤੇ ਅਧਿਕਾਰੀ ਤੈਨਾਤ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ 11 ਆਰ.ਟੀ.ਏਜ਼. ਦਫ਼ਤਰਾਂ ਅਧੀਨ 11 ਐਮ.ਵੀ.ਆਈ. ਕੰਮ ਕਰਨਗੇ ਅਤੇ ਇਨ੍ਹਾਂ ਆਸਾਮੀਆਂ 'ਤੇ ਵਿਭਾਗ ਦੇ ਮਿਹਨਤਕਸ਼ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਦੀ ਤੁਰੰਤ ਡਿਲੀਵਰੀ ਮਿਲ ਸਕੇਗੀ।