ਚੰਡੀਗੜ੍ਹ: ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਨਿਰੰਤਰ ਅਤੇ ਕੇਂਦ੍ਰਿਤ ਯਤਨਾਂ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਕਾਰਗੁਜ਼ਾਰੀ ਗਰੇਡਿੰਗ ਇੰਡੈਕਸ (ਪੀ.ਜੀ.ਆਈ) 2019-20 ਵਿੱਚ ਸਿਰਮੌਰ ਖਿਤਾਬ ਹਾਸਲ ਕੀਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਅਧਿਆਪਕਾਂ, ਅਧਿਕਾਰੀਆਂ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀਆਂ ਨੂੰ ਵੀ ਪੰਜਾਬ ਨੂੰ ਪੀ.ਜੀ.ਆਈ ਦੇ ਸਿਖਰ ‘ਤੇ ਲਿਆਉਣ ਲਈ ਸਖ਼ਤ ਮਿਹਨਤ ਕਰਨ ਲਈ ਵਧਾਈ ਦਿੱਤੀ। ਜੋ ਕਿ ਸਕੂਲ ਸਿੱਖਿਆ ਦੇ ਖੇਤਰ 'ਚ ਤਬਦੀਲੀ ਲਿਆਉਣ ਲਈ ਕੇਂਦਰ ਸਰਕਾਰ ਦੁਆਰਾ 70 ਮਾਪਦੰਡਾਂ ਦੇ ਅਧਾਰ ‘ਤੇ ਜਾਰੀ ਕੀਤੀ ਗਈ ਹੈ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਾਲ 2017 ਵਿੱਚ ਸਰਕਾਰ ਸੰਭਾਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਬਲਕਿ ਹੋਰ ਵੀ ਕਈ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ, ਜੋ ਹਰ ਪੱਧਰ ‘ਤੇ ਲੋੜੀਂਦੇ ਅਤੇ ਅਨੁਕੂਲ ਵਿਦਿਅਕ ਨਤੀਜੇ ਲਿਆਉਣ ਵਿੱਚ ਸਹਾਈ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸਮਾਰਟ ਸਕੂਲ ਨੀਤੀ, ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਪ੍ਰਬੰਧਕ ਪੱਧਰ ਦੀਆਂ ਅਸਾਮੀਆਂ ਦੀ ਪੀ.ਪੀ.ਐਸ.ਸੀ. ਰਾਹੀਂ ਸਿੱਧੀ ਭਰਤੀ, ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ, ਆਨ ਲਾਈਨ ਸਿੱਖਿਆ ਅਤੇ ਪੰਜਾਬ ਸਮਾਰਟ ਕਨੈਕਟ ਸਕੀਮ ਤਹਿਤ ਮੁਫ਼ਤ ਸਮਾਰਟਫੋਨ ਦੀ ਵੰਡ ਤਹਿਤ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਦਾ ਅਧਾਰ ਬਣ ਗਏ ਹਨ।