ਚੰਡੀਗੜ੍ਹ: ਲਖੀਮਪੁਰ ਖੀਰੀ ਘਟਨਾ (Lakhimpur Khiri incident) ਨੂੰ “ਨਿੰਦਣਯੋਗ” ਕਰਾਰ ਦਿੰਦਿਆਂ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਕਿਹਾ ਕਿ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਉਨ੍ਹਾਂ ਨੂੰ ਉਸੇ ਸਮੇਂ ਚੁੱਕਿਆ ਜਾਣਾ ਚਾਹੀਦਾ ਹੈ, ਜਦੋਂ ਇਹ ਵਾਪਰੀਆਂ ਹੋਣ। ਉਦੋਂ ਨਹੀਂ ਜਦੋਂ ਇੱਕ ਰਾਜ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੋਣ ਦੇ ਕਾਰਨ ਉਨ੍ਹਾਂ ਨੂੰ ਕੁੱਝ ਲੋਕਾਂ ਦੁਆਰਾ ਉਭਾਰਿਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਸੀਤਾਰਮਨ, ਜੋ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਹਨ, ਨੇ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੀ ਮੌਤ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਬਾਰੇ ਹਾਰਵਰਡ ਕੈਨੇਡੀ ਸਕੂਲ ਵਿੱਚ ਗੱਲਬਾਤ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ ਹੈ।
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਨੀਅਰ ਮੰਤਰੀਆਂ ਨੇ ਇਸ ਬਾਰੇ ਕੁੱਝ ਕਿਉਂ ਨਹੀਂ ਕਿਹਾ ਅਤੇ ਜਦੋਂ ਵੀ ਕੋਈ ਅਜਿਹੀਆਂ ਚੀਜ਼ਾਂ ਬਾਰੇ ਪੁੱਛਦਾ ਹੈ ਤਾਂ ਹਮੇਸ਼ਾਂ “ਰੱਖਿਆਤਮਕ ਜਵਾਬ” ਕਿਉਂ ਦਿੱਤਾ ਜਾਂਦਾ ਹੈ। ਇਸਦੇ ਜਵਾਬ ‘ਚ ਉਨ੍ਹਾਂ ਕਿਹਾ, “ਨਹੀਂ, ਬਿਲਕੁਲ ਵੀ ਅਜਿਹਾ ਨਹੀਂ ਹੈ। ਇਹ ਚੰਗਾ ਹੈ ਕਿ ਤੁਸੀਂ ਅਜਿਹੀ ਘਟਨਾ ਨੂੰ ਉਭਾਰਿਆ ਜੋ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਸਾਡੇ ਵਿੱਚੋਂ ਹਰ ਕੋਈ ਇਹ ਕਹਿ ਰਿਹਾ ਹੈ। ਇਸੇ ਤਰ੍ਹਾਂ, ਹੋਰ ਥਾਵਾਂ ਤੇ ਵਾਪਰ ਰਹੀਆਂ ਘਟਨਾਵਾਂ ਮੇਰੇ ਲਈ ਚਿੰਤਾ ਦਾ ਕਾਰਨ ਹਨ।”