ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ਨਿਚਰਵਾਰ ਨੂੰ ਸੂਬੇ ਭਰ ਦੇ 13000 ਤੋਂ ਵੱਧ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਅਗਲੇ ਪੜਾਅ ਲਈ ਰਾਹ ਪੱਧਰਾ ਕਰਨ ਹਿੱਤ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਨੂੰ ਵਰਚੁਅਲ ਤੌਰ 'ਤੇ ਹਰੀ ਝੰਡੀ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁਹਿੰਮ ਦੇ ਵਰਚੁਅਲ ਲਾਂਚ ਦੌਰਾਨ ਰਾਹੁਲ ਨਾਲ ਸ਼ਿਰਕਤ ਕਰਨਗੇ, ਜੋ ਸੂਬੇ ਦੇ 1500 ਪੇਂਡੂ ਸਥਾਨਾਂ ਤੋਂ ਇੱਕੋ ਸਮੇਂ ਚਲਾਈ ਜਾਵੇਗੀ।
ਰਾਹੁਲ ਗਾਂਧੀ ਸ਼ਨਿਚਰਵਾਰ ਨੂੰ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੀ ਵਰਚੁਅਲ ਤੌਰ 'ਤੇ ਕਰਨਗੇ ਸ਼ੁਰੂਆਤ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ਨਿਚਰਵਾਰ ਨੂੰ ਸੂਬੇ ਭਰ ਦੇ 13000 ਤੋਂ ਵੱਧ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਅਗਲੇ ਪੜਾਅ ਲਈ ਰਾਹ ਪੱਧਰਾ ਕਰਨ ਹਿੱਤ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਨੂੰ ਵਰਚੁਅਲ ਤੌਰ 'ਤੇ ਹਰੀ ਝੰਡੀ ਦੇਣਗੇ।
ਇਸ ਪ੍ਰੋਗਰਾਮ ਵਿਚ ਸੂਬੇ ਦੇ ਸਾਰੇ ਕੈਬਨਿਟ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਸਕੱਤਰ ਵਿਨੀ ਮਹਾਜਨ ਸਮੇਤ ਮੁੱਖ ਅਧਿਕਾਰੀ ਵੱਖ-ਵੱਖ ਥਾਵਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਨੇੜਲੇ ਜ਼ਿਲ੍ਹੇ ਪਟਿਆਲਾ, ਐਸ.ਏ.ਐਸ.ਨਗਰ ਅਤੇ ਫਤਿਹਗੜ੍ਹ ਸਾਹਿਬ ਤੋਂ ਕੁਝ ਚੋਣਵੇਂ ਸਰਪੰਚ ਵੀ ਸ਼ਾਮਲ ਹੋਣਗੇ।
ਇਸ ਸਬੰਧੀ ਅੱਜ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਕਾਇਆ ਕਲਪ ਪ੍ਰੋਗਰਾਮ ਦੇ ਪਹਿਲੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ, ਦੂਜੇ ਪੜਾਅ ਦੀ ਸ਼ੁਰੂਆਤ ਕਰਕੇ, ਇਸ ਤਹਿਤ ਤਕਰੀਬਨ 2700 ਕਰੋੜ ਰੁਪਏ ਦੀ ਲਾਗਤ ਵਾਲੇ ਲਗਭਗ 50,000 ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ। ਇਨ੍ਹਾਂ ਵਿੱਚ ਸਟਰੀਟ ਅਤੇ ਡਰੇਨਜ਼, ਜਲ ਸਪਲਾਈ ਅਤੇ ਸੈਨੀਟੇਸ਼ਨ, ਛੱਪੜਾਂ, ਧਰਮਸ਼ਾਲਾਵਾਂ/ਕਮਿਊਨਿਟੀ ਸੈਂਟਰ, ਸ਼ਮਸਾਨ ਘਾਟ/ਕਬਰਿਸਤਾਨ, ਸਕੂਲ/ਆਂਗਣਵਾੜੀ, ਸਟਰੀਟ ਲਾਈਟਿੰਗ ਨਾਲ ਸਬੰਧਤ ਕਾਰਜ ਸ਼ਾਮਲ ਹੋਣਗੇ।