ਚੰਡੀਗੜ੍ਹ: ਬੀਤੇ ਕੱਲ 11 ਕਿਲੋਗ੍ਰਾਮ ਹੈਰੋਇਨ ਦੀ ਖੇਪ ਦੀ ਜਾਂਚ ਸਬੰਧੀ ਅਗਲੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਤਸਕਰ ਦੀ ਗੁੱਥੀ ਸੁਲਝਾਉਂਦਿਆਂ ਮੁੱਖ ਦੋਸ਼ੀ ਬੀਐਸਐਫ ਸਿਪਾਹੀ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੋ ਵਾਰ ਨਸ਼ੇ ਦੀਆਂ ਖੇਪਾਂ ਦੇ ਨਾਲ ਸਰਹੱਦ ਪਾਰੋਂ ਭੇਜੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ। ਅੱਜ ਦੀ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਵਿੱਚ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਅੱਜ ਸਾਂਝੀ ਕਾਰਵਾਈ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਤਾਲਮੇਲ ਕਰਕੇ ਗੰਗਾਨਗਰ (ਰਾਜਸਥਾਨ) ਸਥਿਤ ਬੀਐਸਫੀ ਦੇ ਕੰਪਲੈਕਸ ਤੋਂ ਗ੍ਰਿਫ਼ਤਾਰ ਕੀਤੇ ਗਏ ਸਿਪਾਹੀ ਬਰਿੰਦਰ ਸਿੰਘ ਕੋਲੋਂ ਇੱਕ 0.30 ਦਾ ਵਿਦੇਸ਼ੀ ਪਿਸਤੌਲ, 1 ਬੁਲਟ ਮੋਟਰਸਾਇਕਲ ਅਤੇ 745 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਅੱਜ ਦੋ ਹੋਰ ਮੁਲਜ਼ਮ ਬਲਕਾਰ ਸਿੰਘ ਬੱਲੀ ਪੁੱਤਰ ਗੁਰਮੇਲ ਸਿੰਘ ਵਾਸੀ ਸ੍ਰੀ ਕਰਨਪੁਰ ਗੰਗਾਨਗਰ, ਅਤੇ ਜਗਮੋਹਨ ਸਿੰਘ ਜੱਗੂ ਵਾਸੀ ਗੰਗਾਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਹੋਰ ਤਸਕਰੀ ਵਿੱਚ 30 ਬੋਰ ਦੀ ਪਿਸਤੌਲ ਅਤੇ 8 ਲੱਖ ਰੁਪਏ, ਇੱਕ ਵਰਨਾ ਕਾਰ ਵੀ ਬਲਕਾਰ ਸਿੰਘ ਤੋਂ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੀਐੱਸਐੱਫ ਦਾਗ ਸਿਪਾਹੀ ਨੇ ਭਾਰਤ-ਪਾਕਿ ਸਰਹੱਦ ਪਾਰੋਂ ਨਸ਼ੇ ਲਿਆਉਣ ਅਤੇ ਦੋਸ਼ੀਆਂ ਦੇ ਹਵਾਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੌਲਦਾਰ ਬਰਿੰਦਰ ਸਿੰਘ, (ਨੰ. 11050069, 91 ਬੀ.ਐੱਨ.) ਹੈਕਕੁਆਟਰ ਸ੍ਰੀ ਕਰਨਪੁਰ ਵਾਸੀ ਜੱਸੀ ਪੌਅ ਵਾਲੀ, ਜ਼ਿਲਾ ਬਠਿੰਡਾ, ਜੋ ਮੌਜੂਦਾ ਸਮੇਂ 14-ਐਸ ਮਾਝੀਵਾਲਾ ਚੌਕੀ, ਕਰਨਨਪੁਰ ਵਿਖੇ ਤਾਇਨਾਤ ਸੀ ਤੋਂ ਰਾਜਸਥਾਨ ਵਿੱਚ ਬੀਐੱਸਐੱਫ ਦੇ ਖੇਤਰ ਵਿਚ ਸਾਂਝੇ ਤੌਰ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕੱਲ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੇ ਕਬਜ਼ੇ ਵਿਚੋਂ 11 ਕਿੱਲੋ ਹੈਰੋਇਨ ਅਤੇ 11.25 ਲੱਖ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਇੱਕ ਆਈ 20 ਕਾਰ (ਐਚਆਰ 26 ਬੀਕਿਊ 4401) ਅਤੇ ਵਰਨਾ ਕਾਰ ਵੀ ਜ਼ਬਤ ਕੀਤੀ ਗਈ ਹੈ।