ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ 'ਚ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਪਾਰਟੀ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ। ਜਿਸ ਦੀ ਅਗਵਾਈ 'ਚ ਪਾਰਟੀ ਦੇ ਆਗੂ ਅਤੇ ਵਰਕਰ ਲੋਕਾਂ ਦੀ ਮਦਦ ਕਰਨਗੇ। ਇਸ ਸਬੰਧੀ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਕੰਟਰੋਲ ਰੂਮ ਦੀ ਸ਼ੁਰੂਆਤ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਰਨਗੇ। ਸੂਬੇ ਭਰ ਦੇ ਆਗੂਆਂ ਨਾਲ ਵਰਚੂਅਲ ਕੀਤੀ ਮੀਟਿੰਗ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀ ਮੁਸ਼ਕਿਲ ਦੌਰ 'ਚ ਲੰਘ ਰਹੇ ਹਾਂ ਅਤੇ ਅਜਿਹੇ 'ਚ ਆਪਸੀ ਮਦਦ ਦੀ ਬਹੁਤ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਅਜਿਹੇ 'ਚ ਸੂਬਾ ਸਰਕਾਰ ਵਲੋਂ ਹਰ ਸੰਭਵ ਮੈਡੀਕਲ ਸਹੂਲਤ ਉਪਲਬੱਧ ਕਰਵਾਈ ਜਾ ਰਹੀ ਹੈ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟ ਵੀ ਦਿਤੀ ਜਾ ਰਹੀ ਹੈ। ਅਜਿਹੇ ਹਲਾਤਾਂ 'ਚ ਪਾਰਟੀ ਵਲੋਂ ਅਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਲਈ ਪਾਰਟੀ ਦੇ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਅਪਣੇ ਇਲਾਕੇ 'ਚ ਕੋਰੋਨਾ ਨਾਲ ਜੰਗ ਲੜ ਰਹੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ। ਉਨ੍ਹਾਂ ਕਿਹਾ ਕਿ ਕਈ ਅਜਿਹੇ ਪਰਿਵਾਰ ਨੇ ਜਿੰਨ੍ਹਾਂ 'ਚ ਸਾਰੇ ਜੀਅ ਹੀ ਪੌਜ਼ੀਟਿਵ ਆ ਗਏ ਹਨ, ਉਥੇ ਖਾਣਾ ਪਹੁੰਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਿੰਨ੍ਹਾਂ ਨੂੰ ਆਕਸੀਜਨ, ਐਂਬੂਲੈਂਸ ਜਾਂ ਹੋਰ ਡਾਕਟਰੀ ਮਦਦ ਦੀ ਲੋੜ ਹੈ, ਉਨ੍ਹਾਂ ਨੂੰ ਮਦਦ ਕਰਨ 'ਚ ਪਾਰਟੀ ਵਰਕਰ ਸਹਿਯੋਗ ਕਰਨ।