ਚੰਡੀਗੜ੍ਹ: ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਵਿਧਾਇਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨਾਂ ’ਤੇ ਅਹਿਮ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਮੁਤਾਬਿਕ ਵਿਧਾਇਕ ਚਾਹੇ ਜਿਨ੍ਹੀ ਵਾਰ ਜਿੱਤ ਕੇ ਵਿਧਾਇਕ ਬਣੇ ਹੋਣ ਪਰ ਉਨ੍ਹਾਂ ਨੂੰ ਸਿਰਫ ਇੱਕ ਵਾਰ ਦੀ ਹੀ ਪੈਨਸ਼ਨ (Only one pension for Punjab MLAs) ਮਿਲੇਗੀ।
ਇਸ ਸਬੰਧੀ ਸੀਐੱਮ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਇਕ ਸੇਵਾ ਦੇ ਨਾਂ ’ਤੇ ਰਾਜਨੀਤੀ ’ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਲੱਖਾਂ ਦੀ ਪੈਨਸ਼ਨ ਦੇਣਾ ਜਾਇਜ ਨਹੀਂ ਹੈ। ਐਮਐਲਏ ਹੱਥ ਜੋੜ ਕੇ ਲੋਕਾਂ ਤੋਂ ਵੋਟ ਮੰਗਦੇ ਹਨ ਅਤੇ ਰਾਜ ਦੀ ਨਹੀਂ ਸੇਵਾ ਦੀ ਗੱਲ ਕਰਦੇ ਹਨ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਹਾਰਨ ਤੋਂ ਬਾਅਦ ਵੀ 3 ਲੱਖ ਤੋਂ 5 ਲੱਖ ਤੱਕ ਦੀ ਪੈਨਸ਼ਨ ਮਿਲਦੀ ਹੈ। ਜਿਸ ਨਾਲ ਪੰਜਾਬ ਦੇ ਖਜਾਨੇ ’ਤੇ ਭਾਰ ਪੈਂਦਾ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਜੋ ਵੀ ਵਿਧਾਇਕ ਚਾਹੇ ਉਹ ਇੱਕ ਵਾਰ ਜਿੱਤਿਆ ਹੈ ਜਾਂ ਫਿਰ ਦੋ ਵਾਰ ਉਸ ਨੂੰ ਇੱਕ ਵਾਰ ਦੀ ਹੀ ਪੈਨਸ਼ਨ ਦਿੱਤੀ ਜਾਵੇਗੀ।
ਹੋਰ ਪੈਨਸ਼ਨਾਂ ਵੀ ਕੀਤੀਆਂ ਜਾਣਗੀਆਂ ਘੱਟ:ਸੀਐੱਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਜਿਹੇ ਵੀ ਹਨ ਜੋ ਐਮਐਲਏ ਅਤੇ ਸਾਂਸਦ ਦੋਹਾਂ ਦੀ ਪੈਨਸ਼ਨਾਂ ਲੈ ਰਹੇ ਹਨ। ਜਿਸ ਦਾ ਭਾਰ ਸਿੱਧਾ-ਸਿੱਧਾ ਖਜਾਨੇ ’ਤੇ ਪੈਂਦਾ ਹੈ। ਸੀਐੱਮ ਮਾਨ ਨੇ ਕਿਹਾ ਕਿ ਕਈ ਵਿਧਾਇਕਾਂ ਦੇ ਫੈਮਿਲੀ ਪੈਨਸ਼ਨ ਵੀ ਬਹੁਤ ਜਿਆਦਾ ਹੈ ਉਨ੍ਹਾਂ ਨੂੰ ਵੀ ਆਉਣ ਵਾਲੇ ਸਮੇਂ ’ਚ ਘੱਟ ਕੀਤਾ ਜਾਵੇਗਾ। ਇਨ੍ਹਾਂ ਪੈਨਸ਼ਨਾਂ ਤੋਂ ਬਚਣ ਵਾਲਾ ਕਰੋੜਾ ਦਾ ਪੈਸਾ ਲੋਕਾਂ ਦੀ ਭਲਾਈ ਦੇ ਲਈ ਖਰਚਿਆ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਨੇ ਛੱਡੀ ਸੀ ਪੈਨਸ਼ਨ:ਕੁਝ ਸਮਾਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨਸਭਾ ਚੋਣ ਹਾਰਨ ਤੋਂ ਬਾਅਦ ਤੋਂ ਮਿਲਣ ਵਾਲੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਸਪੀਕਰ ਨੂੰ ਲਿਖਿਆ ਗਿਆ ਸੀ। ਉਨ੍ਹਾਂ ਵੱਲੋਂ ਮਿਲਣ ਵਾਲੀ ਆਪਣੀ ਪੈਨਸ਼ਨ ਲੋਕ ਹਿੱਤ ਵਿੱਚ ਵਰਤਣ ਦੀ ਗੱਲ ਕਹੀ ਗਈ ਸੀ।