ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਵਰ੍ਹੇ 2021-22 ਤੋਂ ਐਸਸੀ ਸਕਾਲਰਸ਼ਿਪ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਕੇ ਭੱਦਾ ਮਜ਼ਾਕ ਕੀਤਾ ਹੈ। ਅਕਾਲੀ ਦਲ ਨੇ ਮੁੱਖ ਮੰਤਰੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਕੀਮ ਦੇ 2440 ਕਰੋੜ ਰੁਪਏ ਦੇ ਬਕਾਏ ਵਿਚੋਂ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਕੀਮ ਚਾਲੂ ਅਕਾਦਮਿਕ ਸੈਸ਼ਨ ਤੋਂ ਮੁੜ ਸ਼ੁਰੂ ਕੀਤੀ ਜਾਵੇ ਅਤੇ ਐਸਸੀ ਵਿਦਿਆਰਥੀਆਂ ਦੇ ਪਿਛਲੇ ਬਕਾਏ ਤੁਰੰਤ ਉਨ੍ਹਾਂ ਨੂੰ ਦਿੱਤੇ ਜਾਣ।
ਮੁੱਖ ਮੰਤਰੀ ਵੱਲੋਂ ਸ਼ਨੀਵਾਰ ਨੂੰ ਇਹ ਸਕੀਮ ਮੁੜ ਸ਼ੁਰੂ ਕਰਨ ਦੇ ਐਲਾਨ ਨੂੰ 'ਜੁਮਲਾ' ਕਰਾਰ ਦਿੰਦਿਆਂ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਜਿਹਾ ਐਲਾਨ ਸਿਰਫ਼ ਐਸਸੀ ਭਲਾਈ ਮੰਤਰੀ ਸਾਧੂ ਸਿੰਘ ਧਰਸਮੋਤ ਵੱਲੋਂ ਕੀਤੇ 64 ਕਰੋੜ ਰੁਪਏ ਦੇ ਘੁਟਾਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਕੀਤਾ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਚਲ ਰਹੀ ਸਕੀਮ ਦੇ ਬਕਾਏ ਵਿਦਿਆਰਥੀਆਂ ਲਈ ਜਾਰੀ ਨਹੀਂ ਕੀਤੇ ਤਾਂ ਫਿਰ ਉਹ ਸਕੀਮ ਨੂੰ ਅਗਲੇ ਸਾਲ ਤੋਂ ਮੁੜ ਸ਼ੁਰੂ ਕਿਵੇਂ ਕਰ ਸਕਦੇ ਹਨ?