ਚੰਡੀਗੜ੍ਹ: ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਨੇ ਇੱਕ ਵੱਡੀ ਰਾਹਤ ਦਿੰਦਿਆਂ 2019-ਐਨਸੀਓਵੀ (ਕੋਰੋਨਾ ਵਾਇਰਸ) ਦੇ ਸ਼ੱਕੀ ਵਿਅਕਤੀਆਂ ਦੇ ਨੈਸੋਫੈਰੰਜੀਅਲ ਸਵੈਬ ਨਮੂਨਿਆਂ ਨੂੰ ਨਕਾਰਾਤਮਕ ਦੱਸਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਨੇ 22 ਨਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਦਕਿ ਫਰੀਦਕੋਟ ਨਾਲ ਸਬੰਧਤ 1 ਮਾਮਲੇ ਦੀ ਰਿਪੋਰਟ ਕੱਲ੍ਹ ਤੱਕ ਆਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹਾਲੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਪੰਜਾਬ ਸਰਕਾਰ ਚੀਨ ਦੀ ਯਾਤਰਾ ਕਰ ਚੁੱਕੇ ਜਾਂ ਚੀਨ ਦੇ ਹਵਾਈ ਅੱਡੇ 'ਤੇ ਠਹਿਰਨ ਵਾਲੇ ਸਾਰੇ ਵਿਅਕਤੀਆਂ ਦੀ ਵਿਸ਼ੇਸ਼ ਤੌਰ 'ਤੇ ਸਕਰੀਨਿੰਗ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 85 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 84 ਮਾਮਲੇ ਨਾਕਾਰਤਮਕ ਪਾਏ ਗਏ ਅਤੇ ਕੁੱਲ 77 ਮਰੀਜ਼ਾਂ ਨੂੰ ਕੜੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ 3915 ਯਾਤਰੀਆਂ ਅਤੇ ਮੁਹਾਲੀ ਹਵਾਈ ਅੱਡੇ 'ਤੇ 4476 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਹੈ ਅਤੇ ਸਕਰੀਨਿੰਗ ਦੌਰਾਨ ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ।
ਇਹ ਵੀ ਪੜ੍ਹੋ: ਚੀਨ ਵਿਚ ਕੋਰੋਨਾ ਵਾਇਰਸ ਨਾਲ 425 ਦੀ ਮੌਤ, 3,235 ਨਵੇਂ ਮਾਮਲੇ ਆਏ ਸਾਹਮਣੇ
ਮੰਤਰੀ ਨੇ ਅੱਗੇ ਦੱਸਿਆ ਕਿ ਅਟਾਰੀ ਬਾਰਡਰ ਅਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ 'ਤੇ ਨਜ਼ਰ ਰੱਖਣ ਲਈ ਦੋਵਾਂ ਥਾਵਾਂ 'ਤੇ ਮੈਡੀਕਲ ਪੋਸਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 29 ਜਨਵਰੀ 2020 ਤੋਂ ਹੁਣ ਤੱਕ ਅਟਾਰੀ ਵਿਖੇ 777 ਯਾਤਰੀਆਂ ਅਤੇ ਡੇਰਾ ਬਾਬਾ ਨਾਨਕ ਵਿਖੇ 1430 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਕਿਸੇ ਯਾਤਰੀ ਵਿੱਚ ਵੀ 2019 ਐਨ.ਸੀ.ਓ. ਵੀ ਦੇ ਲੱਛਣ ਨਹੀਂ ਪਾਏ ਗਏ। ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਚੈੱਕ ਪੋਸਟਾਂ ਵੱਲੋਂ ਪਾਕਿਸਤਾਨ ਤੋਂ ਯਾਤਰਾ ਕਰਕੇ ਆ ਰਹੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਚੀਨ ਦੀ ਯਾਤਰਾ ਕਰ ਚੁੱਕੇ ਲੋਕਾਂ ਨੂੰ ਉਨ੍ਹਾਂ ਦੇ ਯਾਤਰਾ ਇਤਿਹਾਸ ਬਾਰੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣ ਸਬੰਧੀ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।