ਚੰਡੀਗੜ੍ਹ: ਮੰਤਰਾਲਾ ਬਦਲੇ ਜਾਣ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
10 ਜੂਨ ਨੂੰ ਦਿੱਤਾ ਸੀ ਅਸਤੀਫ਼ਾ
ਨਵਜੋਤ ਸਿੰਘ ਸਿੱਧੂ ਨੇ ਇਹ ਅਸਤੀਫ਼ਾ ਰਾਹੁਲ ਗਾਂਧੀ ਨੂੰ 10 ਜੂਨ ਨੂੰ ਸੌਂਪ ਦਿੱਤਾ ਸੀ। ਦੱਸ ਦਈਏ ਕਿ 10 ਜੂਨ ਨੂੰ ਹੀ ਸਿੱਧੂ ਨੇ ਦਿੱਲੀ ਜਾ ਕੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਸੀ।
ਸੀਐਮਓ ਨੇ ਅਸਤੀਫਾ ਮਿਲਣ ਤੋਂ ਕੀਤਾ ਇਨਕਾਰ
ਉਧਰ ਮੁੱਖ ਮੰਤਰੀ ਦਫ਼ਤਰ ਵੱਲੋਂ ਅਸਤੀਫਾ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਿਸ ਮਗਰੋਂ ਸਿੱਧੂ ਨੇ ਦੂਜਾ ਟਵੀਟ ਕਰਕੇ ਕਿਹਾ ਕਿ ਉਹ ਮੁਖ ਮੰਤਰੀ ਨੂੰ ਛੇਤੀ ਹੀ ਅਸਤੀਫ਼ਾ ਭੇਜਣਗੇ।
ਅਹਿਮਦ ਪਟੇਲ ਵੀ ਨਹੀਂ ਸੁਲਝਾ ਸਕੇ ਮਸਲਾ
ਹਾਈ ਕਮਾਨ ਨੇ ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੀ ਇਸ ਕੋਲਡ ਵਾਰ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਦਿੱਤੀ ਸੀ।
ਪੰਜਾਬ ਵਜ਼ਾਰਤ ਖ਼ੁੱਲ ਕੇ ਆਈ ਸਿੱਧੂ ਦੇ ਵਿਰੋਧ 'ਚ
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਹੈ ਕਿ ਸਿੱਧੂ ਨੇ ਜੇਕਰ ਅਸਤੀਫ਼ਾ ਦੇਣਾ ਹੈ ਤਾਂ ਵਜ਼ਾਰਤ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਣ।
ਵਿਰੋਧੀ ਦੱਸ ਰਹੇ ਹਨ ਸਿਆਸੀ ਡਰਾਮਾ
ਸ਼੍ਰੋਮਣੀ ਅਕਾਲੀ ਦਲ ਆਗੂ ਚਰਨਜੀਤ ਬਰਾੜ ਨੇ ਸਿੱਧੂ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਦੇ ਅਸਤੀਫ਼ੇ 'ਤੇ ਸਵਾਲ ਚੁਕਦਿਆਂ ਕਿਹਾ ਕਿ ਜੇਕਰ ਟਵੀਟ ਕਰਨਾ ਹੀ ਸੀ ਤਾਂ ਮਹੀਨਾਂ ਪਹਿਲਾਂ ਕਿਉਂ ਨਹੀਂ ਕੀਤਾ, ਹੁਣ ਤਾਂ ਰਾਹੁਲ ਗਾਂਧੀ ਵੀ ਪਾਰਟੀ ਪ੍ਰਧਾਨ ਨਹੀਂ ਹਨ। ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ।
ਇਹ ਵੀ ਪੜ੍ਹੇ: ਕਰਤਾਰਪੁਰ ਲਾਂਘੇ 'ਤੇ ਭਾਰਤ-ਪਾਕਿ ਵਿਚਕਾਰ ਬੈਠਕ ਖ਼ਤਮ
ਤਕਰੀਬਨ ਡੇਢ ਮਹੀਨੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸਿੱਧੂ-ਕੈਪਟਨ ਵਿਵਾਦ ਸੁਲਝਾਇਆ ਨਹੀਂ ਜਾ ਸਕਿਆ ਤੇ ਹੁਣ ਨਵਜੋਤ ਸਿੰਘ ਸਿੱਧੂ ਨੇ 10 ਜੂਨ ਨੂੰ ਦਿੱਤੇ ਅਸਤੀਫ਼ੇ ਨੂੰ ਜਨਤਕ ਕਰਕੇ ਨਵੀਆਂ ਕਿਆਸਰਾਈਆਂ ਦੇ ਰਾਹ ਖੋਲ ਦਿੱਤੇ ਹਨ। ਸਿੱਧੂ ਦਾ ਸਿਆਸੀ ਭਵਿੱਖ ਕੀ ਰਹਿੰਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਚੱਲੇਗਾ।
ਕੈਬਨਿਟ 'ਚੋਂ ਬਾਹਰ ਹੋਏ 'ਗੁਰੂ'