ਚੰਡੀਗੜ੍ਹ: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਮੁੜ ਸ਼ਾਮਲ ਕਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਾਰਟੀ ਹਾਈ ਕਮਾਂਡ ਸਿੱਧੂ ਨੂੰ ਸੂਬਾ ਸਰਕਾਰ ਜਾਂ ਪਾਰਟੀ ਸੰਗਠਨ ਵਿੱਚ ਅਹਿਮ ਅਹੁਦਾ ਸੌਂਪ ਸਕਦੀ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਸੁਨੀਲ ਜਾਖੜ ਤੇ ਮੁੱਖਮੰਤਰੀ ਨਾਲ ਸ਼ੁੱਕਰਵਾਰ ਨੂੰ ਇੱਕ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਹੀ ਸਿਆਸੀ ਗਲੀਆਂ 'ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ 'ਚ ਮੁੜ ਵਾਪਸੀ ਹੋ ਸਕਦੀ ਹੈ।
ਪੰਜਾਬ ਮੰਤਰੀ ਮੰਡਲ 'ਚ ਮੁੜ ਸ਼ਾਮਲ ਹੋ ਸਕਦੇ ਹਨ ਨਵਜੋਤ ਸਿੱਧੂ ! ਸੂਤਰਾਂ ਨੇ ਦੱਸਿਆ ਕਿ ਏਆਈਸੀਸੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਵੇਖਣਾ ਚਾਹੁੰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਸੂਬਾਈ ਆਗੂਆਂ ਨੇ ਕਈ ਮੌਕਿਆਂ ‘ਤੇ ਸਿੱਧੂ ਦੀ ਵਾਪਸੀ ‘ਤੇ ਗੈਰ ਰਸਮੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ, 'ਸਿੱਧੂ ਪਾਰਟੀ ਦਾ ਹਿੱਸਾ ਹਨ ਅਤੇ ਉਹ ਕੇਂਦਰੀ ਲੀਡਰਸ਼ਿਪ ਦੇ ਸੰਪਰਕ ‘ਚ ਹਨ। ਮੇਰੇ ਨਾਲ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਉਨ੍ਹਾਂ ਦਾ ਹਮੇਸ਼ਾ ਸਵਾਗਤ ਹੁੰਦਾ ਹੈ।'
ਦੱਸਣਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਰਾਹੀਂ ਆਮ ਆਦਮੀ ਪਾਰਟੀ 'ਚ ਸਿੱਧੂ ਦੇ ਸ਼ਾਮਿਲ ਹੋਣ ਦੀਆਂ ਖ਼ਬਰਾਂ ਤੇਜ਼ ਹੋਣ ਤੋਂ ਬਾਅਦ ਪਾਰਟੀ ਹਾਈਕਮਾਨ ਜਲਦ ਫੈਸਲਾ ਲੈ ਸਕਦੀ ਹੈ।
ਦੱਸਣਯੋਗ ਹੈ ਕਿ 15 ਜੁਲਾਈ 2019 ਨੂੰ ਸਿੱਧੂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਸੀ। ਇਸ ਤੋਂ ਬਾਅਦ ਲਗਭਗ 1 ਸਾਲ ਤੱਕ ਨਾ ਤਾਂ ਕਾਂਗਰਸ ਤੇ ਨਾ ਹੀ ਸਿੱਧੂ ਵੱਲੋਂ ਇਸ ਅਸਤੀਫੇ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਗਈ। ਜਦੋਂ ਹੁਣ ਅਸਤੀਫੇ ਦੇ ਸਾਲ ਮਗਰੋਂ ਸਿੱਧੂ ਨੂੰ ਦੂਜਿਆਂ ਪਾਰਟੀਆਂ ਆਪਣੇ ਧਿਰ 'ਚ ਸ਼ਾਮਲ ਕਰਨ ਲਈ ਖਿੱਚ ਪਾ ਰਹੀਆਂ ਹਨ ਤਾਂ ਕਾਂਗਰਸ ਹਾਈ ਕਮਾਨ ਹਰਕਤ 'ਚ ਆਈ ਹੈ ਤੇ ਉਨ੍ਹਾਂ ਮੁੜ ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਗੱਲ ਕਹੀ ਹੈ।