ਚੰਡੀਗੜ੍ਹ: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਮਾਰਕਿਟ ਕਮੇਟੀ ਲੁਧਿਆਣਾ ਵਿਖੇ ਤਾਇਨਾਤ ਆਕਸ਼ਨ ਰਿਕਾਰਡਰ-ਕਮ-ਸੁਪਰਵਾਈਜ਼ਰ ਹਰੀ ਰਾਮ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਆਕਸ਼ਨ ਰਿਕਾਰਡਰ ਨੂੰ ਸ਼ਿਕਾਇਤਕਰਤਾ ਸਾਜਨ ਵਧਵਾ, ਵਾਸੀ ਸਿਵਲ ਲਾਈਨਜ਼, ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਰਾਜਾ ਲਕਸ਼ਨ ਨਾਮ ਦੀ ਕੰਪਨੀ ਜੋ ਨਵੀਂ ਸਬਜ਼ੀ ਮੰਡੀ ਲੁਧਿਆਣਾ ਵਿਖੇ ਸਥਿਤ ਹੈ। ਵਪਾਰ ਸਬੰਧੀ ਰੋਜਾਨਾ ਸਬਜ਼ੀਆਂ ਦੀਆਂ ਗੱਡੀਆਂ ਆਉਂਦੀਆਂ ਹਨ। ਇਨ੍ਹਾਂ ਗੱਡੀਆਂ ਵਿੱਚ ਜੋ ਮਾਲ ਆਉਂਦਾ ਹੈ ਇਸ ਸਬੰਧੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦਾ ਰੇਟ ਅਤੇ ਭਾਰ ਘੱਟ ਲਿਖਣ ਤੇ ਐਂਟਰੀਆਂ ਵੀ ਘੱਟ ਪਾਉਣ ਬਦਲੇ ਉਕਤ ਆਕਸ਼ਨ ਰਿਕਾਰਡਰ ਨੇ 17,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 15,000 ਰੁਪਏ ਵਿੱਚ ਤੈਅ ਹੋਇਆ ਸੀ।