ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਤੀਕਸ਼ਨ ਸੂਦ ਨੂੰ ਪੰਜਾਬ ਸਰਕਾਰ ਤੋਂ ਸੁਰੱਖਿਆ ਨਹੀਂ ਮਿਲੀ। ਸੂਦ ਦੇ ਵਕੀਲ ਨੇ ਇਹ ਮਾਮਲਾ ਹਾਈਕੋਰਟ ਵਿੱਚ ਚੁਕਿਆ ਹੈ। ਤੀਕਸ਼ਨ ਸੂਦ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪਟੀਸ਼ਨ ਦਾਖਿਲ ਕੀਤੀ ਸੀ।
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਤਿੰਨ ਪੀਐਸਓ, ਚਾਰ ਸਿਕਿਉਰਿਟੀ ਪ੍ਰਸੋਨਲ ਤੀਕਸ਼ਨ ਸੂਦ ਦੇ ਘਰ ਦੀ ਸੁਰੱਖਿਆ ਲਈ ਨਿਯੁਕਤ ਕਰਨ ਦੇ ਆਦੇਸ਼ ਦਿੱਤੇ ਸੀ ਪਰ ਹਾਲੇ ਤੱਕ ਸੁਰੱਖਿਆ ਨਹੀਂ ਦਿਤੀ ਗਈ। ਤੀਕਸ਼ਨ ਸੂਦ ਦੇ ਵਕੀਲ ਕੇਐਸ ਡਡਵਾਲ ਨੇ ਹਾਈਕੋਰਟ ਨੂੰ ਇਹ ਜਾਣਕਾਰੀ ਦਿੱਤੀ। ਜਿਸ 'ਤੇ ਜਸਟਿਸ ਅਰੁਣ ਕੁਮਾਰ ਤਿਆਗੀ ਨੇ ਸਰਕਾਰ ਨੂੰ ਤੀਕਸ਼ਨ ਸੂਦ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਆਦੇਸ਼ ਦਿੱਤੇ ਹਨ।
ਉਥੇ ਹੀ ਸੁਣਵਾਈ ਦੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਨੇ ਆਪਣਾ ਜਬਾਬ ਦਿੱਤੇ ਜਾਣ ਲਈ ਹਾਈਕੋਰਟ ਤੋਂ ਕੁੱਝ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਤੀਕਸ਼ਨ ਸੂਦ ਦੇ ਖਤਰੇ ਦਾ ਆਕਲਨ ਕਰ ਅਗਲੀ ਸੁਣਵਾਈ 'ਤੇ ਇਸਦੀ ਰਿਪੋਟ ਸੌਂਪਣਗੇ। ਜਿਸਤੇ ਹਾਈਕੋਰਟ ਨੇ ਅਗਲੀ ਸੁਣਵਾਈ 5 ਮਾਰਚ ਦੇ ਲਈ ਮੁਲਤਵੀ ਕੀਤੀ ਹੈ।
ਦਰਅਸਲ ਪੰਜਾਬ ਦੇ ਸੀਨੀਅਰ ਲੀਡਰ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੋਕਾਂ ਨੇ ਗੋਹਾ ਸੁੱਟਿਆ ਸੀ ਤੀਕਸ਼ਨ ਸੂਦ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਜਿਸ ਨੂੰ ਵੇਖਦੇ ਹੋਏ ਤੀਕਸ਼ਨ ਸੂਦ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ।
ਪਟੀਸ਼ਨ ਵਿੱਚ ਕਿਹਾ ਗਿਆ ਕਿ ਪੁਲਿਸ ਦੇ ਸਾਹਮਣੇ ਸਾਰਾ ਕੁੱਝ ਹੋਇਆ ਅਤੇ ਪੁਲਿਸ ਚੁੱਪ ਤਮਾਸ਼ਾ ਵੇਖਦੀ ਰਹੀ। ਪੰਜਾਬ ਵਿੱਚ ਇਸ ਸਮੇਂ ਕੋਈ ਵੀ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਹੈ ਇਸ ਕਰ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਆ ਦਿੱਤੀ ਜਾਵੇ।