ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਗੰਨਾਂ ਕਾਸ਼ਤਾਕਾਰਾਂ ਦੀ ਆਮਦਨ ਵਧਾਉਣ ਲਈ ਯੋੋਜਨਾ ਤਿਆਰ ਕਰਨ ਹਿੱਤ ਇੱਕ ਟਾਸਕਫੋਰਸ ਦਾ ਗਠਨ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਗੰਨਾਂ ਕਾਸ਼ਤਕਾਰਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰਤੀ ਏਕੜ ਗੰਨੇ ਦਾ ਝਾੜ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ ਕੋਇੰਬਟੂਰ ਅਤੇ ਦੇਸ਼ ਪੱਧਰੀ ਗੰਨਾ ਮਾਹਿਰਾਂ ਤੋੋਂ ਇਲਾਵਾ ਸ਼ੂਗਰਫੈੱਡ ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਲ ਕਰਕੇ ਟਾਸਕਫੋਰਸ ਦਾ ਗਠਨ ਕੀਤਾ ਜਾਵੇਗਾ।ਇਸ ਟਾਸਕਫੋੋਰਸ ਨੂੰ ਤਿੰਨ ਮਹੀਨੇ ਵਿੱਚ ਗੰਨੇ ਦਾ ਝਾੜ ਵਧਾਉਣ ਲਈ ਯੋਜਨਾ ਤਿਆਰ ਕਰਨ ਲਈ ਕਿਹਾ ਜਾਵੇਗਾ।
ਹਰਪਾਲ ਚੀਮਾ ਨੇ ਦੱਸਿਆ ਕਿ ਅਗਲੇ ਦੋ ਸਾਲਾਂ ਵਿੱਚ ਗੰਨੇ ਦੇ ਝਾੜ ਵਿੱਚ ਘੱਟੋ-ਘੱਟ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ ਰੱਖਿਆ ਜਾਵੇਗਾ ਜਿਸ ਨਾਲ ਪ੍ਰਤੀ ਏਕੜ ਆਮਦਨ ਵਿੱਚ ਲੱਗਭੱਗ 36,000 ਰੁਪਏ ਤੱਕ ਦਾ ਵਾਧਾ ਹੋੋਵੇਗਾ। ਇਸ ਯੋਜਨਾ ਤਹਿਤ ਗੰਨਾਂ ਕਾਸ਼ਤਕਾਰਾਂ ਨੂੰ ਉੱਚ ਕੁਆਲਟੀ ਦੀਆਂ ਕਿਸਮਾਂ ਦੇ ਸ਼ੁੱਧ ਬੀਜ ਉਪਲੱਬਧ ਕਰਨ ਤੋੋਂ ਇਲਾਵਾ ਗੰਨੇ ਦੀ ਖੇਤੀ ਵਿੱਚ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਮਸ਼ੀਨੀਕਰਨ ਬਾਰੇ ਵੀ ਸਿਖਲਾਈ ਦੇਣਾ ਸ਼ਾਮਲ ਹੋਵੇਗਾ।
ਸਹਿਕਾਰਤਾ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਗੰਨਾਂ ਕਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਸਿਖਲਾਈ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ, ਕੋਇੰਬਟੂਰ ਅਤੇ ਵਸੰਤਦਾਦਾ ਇੰਸਟੀਚਿਊਟ ਪੁਣੇ ਨਾਲ ਤੁਰੰਤ ਰਾਬਤਾ ਕਾਇਮ ਕਰਕੇ ਟਰੇਨਿੰਗ ਪ੍ਰੋਗਰਾਮ ਤਿਆਰ ਕੀਤਾ ਜਾਵੇ।