ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਚਲ ਰਿਹਾ ਕਾਟੋ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਜਿਸ ਨਾਲ ਮੁੜ ਤੋਂ ਪੰਜਾਬ ਦੀ ਸਿਆਸਤ 'ਚ ਸਿਆਸੀ ਭੂਚਾਲ ਪੈਦਾ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕਾਂਗਰਸ ਹਾਈਕਮਾਨ ਨੇ ਇਸ ਮਸਲੇ ਦਾ ਹੱਲ ਕੱਢਣ ਦੀ ਡਿਉਟੀ ਮੁੱਖ ਮੰਤਰੀ ਦੀ ਚੰਨੀ ਦੀ ਲਗਾਈ ਹੈ। ਕਿ ਉਹ ਪੰਜਾਬ ਦੇ ਸੀਐਮ ਹਨ ਉਹ ਹੀ ਇਸ ਦਾ ਹੱਲ ਕਰਨ।
ਇਸ ਦੇ ਚੱਲਦੇ ਹੀ ਅੱਜ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 3 ਵੱਜੇ ਮੁਲਾਕਾਤ ਕਰਨਗੇ। ਸਿੱਧੂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।
ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ''ਮੈਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਅੱਜ ਦੁਪਹਿਰ 3:00 ਵਜੇ ਪੰਜਾਬ ਭਵਨ, ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਦਾ ਜਵਾਬ ਦੇਵੇਗਾ, ਕਿਸੇ ਵੀ ਵਿਚਾਰ ਵਟਾਂਦਰੇ ਲਈ ਉਨ੍ਹਾਂ ਦਾ ਸਵਾਗਤ ਹੈ!''
ਇਸ ਲੜੀ ਵਿੱਚ ਹੀ ਕੱਲ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਦੀ ਪਟਿਆਲਾ ਰਿਹਾਈਸ਼ ਉੱਤੇ ਪੁੱਜੇ ਸਨ। ਉਨ੍ਹਾਂ ਨਾਲ ਮਿਲ ਕੇ ਗੱਲਬਾਤ ਕੀਤੀ ਜਾਵੇ ਅਤੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ।
ਕੀ ਹੈ ਸਿੱਧੂ ਦੇ ਅਸਤੀਫੇ ਦਾ ਕਾਰਨ
ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫੇ ਦਾ ਕਾਰਨ ਇਹ ਦੋ ਨਿਯੁਕਤੀਆਂ ਡੀਜੀਪੀ (DGP) ਅਤੇ ਐਡਵੋਕੇਟ ਜਨਰਲ (Advocate General) ਦੀ ਸੀ। ਆਈਪੀਐਸ ਅਫਸਰ ਇਕਬਾਲਪ੍ਰੀਤ ਸਿੰਘ ਸਹੋਤਾ (Iqbalpreet Sahaota) ਨੂੰ ਸੀਐਮ ਚੰਨੀ ਨੇ ਪੰਜਾਬ ਪੁਲਿਸ ਦਾ ਮੁਖੀ ਯਾਨੀ ਡੀਜੀਪੀ ਲਗਾ ਦਿੱਤਾ। ਨਵਜੋਤ ਸਿੱਧੂ ਸਹੋਤਾ ਨੂੰ ਡੀਜੀਪੀ ਬਣਾਉਣ ਦੇ ਹੱਕ ਵਿੱਚ ਨਹੀਂ ਸੀ। ਸਿੱਧੂ ਹਾਲਾਂਕਿ ਸਿਧਾਰਥ ਚਟੋਪਾਧਿਆਇ ਨੂੰ ਡੀਜੀਪੀ ਲਗਾਉਣਾ ਚਾਹੁੰਦੇ ਸੀ ਪਰ ਅਜਿਹਾ ਨਹੀਂ ਹੋ ਸਕਿਆ ਤੇ ਚੰਨੀ ਨੇ ਆਪਣੀ ਮੁੱਖ ਮੰਤਰੀ ਦੀ ਤਾਕਤਾਂ ਦਾ ਸੁਤੰਤਰ ਇਸਤੇਮਾਲ ਕੀਤਾ।
ਇਸੇ ਤਰ੍ਹਾਂ ਸੀਨੀਅਰ ਵਕੀਲ ਏਪੀਐਸ ਦਿਓਲ (APS Deol) ਦੀ ਐਡਵੋਕੇਟ ਜਨਰਲ ਦੀ ਨਿਯੁਕਤੀ ‘ਤੇ ਵੀ ਨਵਜੋਤ ਸਿੰਘ ਸਿੱਧੂ ਸਹਿਮਤ ਨਹੀਂ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਐਡਵੋਕੇਟ ਦਿਓਲ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਵਕੀਲ ਰਹੇ ਹਨ ਤੇ ਉਨ੍ਹਾਂ ਨੇ ਸੈਣੀ ਨੂੰ ਜਮਾਨਤ ਦਿਵਾਈ ਹੈ। ਸੈਣੀ ਦਾ ਨਾਮ ਬਹਿਬਲਕਲਾਂ ਗੋਲੀਕਾਂਡ ਸਬੰਧੀ ਐਫਆਈਆਰ ਵਿੱਚ ਸ਼ਾਮਲ ਕੀਤਾ ਹੋਇਆ ਹੈ। ਅਜਿਹੇ ਵਿੱਚ ਸਿੱਧੂ ਦਾ ਮੰਨਣਾ ਸੀ ਕਿ ਦਿਓਲ ਨੂੰ ਏਜੀ ਲਗਾਉਣਾ ਗਲਤ ਹੈ। ਦਿਓਲ ਦੀ ਨਿਯੁਕਤੀ ਵੀ ਤੁਰਤ ਕਰਵਾਈ ਗਈ, ਉਨ੍ਹਾਂ ਦੇ ਨਾਂ ਦੀ ਫਾਈਲ ਰਾਜਪਾਲ ਨੂੰ ਭੇਜ ਕੇ ਕਲੀਅਰ ਕਰਵਾਈ ਗਈ। ਅਜਿਹੇ ਕਾਰਨਾਂ ਕਰਕੇ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਸੀਐਮ ਚੰਨੀ ਨੇ ਦੋ ਮੈਂਬਰੀ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ, ਜਿਹੜੀ ਕਿ ਸਿੱਧੂ ਨਾਲ ਗੱਲਬਾਤ ਕਰ ਰਹੀ ਹੈ।
ਇਹ ਵੀ ਪੜ੍ਹੋਂ : ਕਾਂਗਰਸੀ ਕੁਨਬੇ ਵਿੱਚ ਲੱਗੀ ਕਲੇਸ਼ ਦੀ ਅੱਗ, ਆਪਣੀ ਡਫਲੀ ਉੱਤੇ ਗਾ ਰਹੇ ਕਾਂਗਰਸੀ ਆਪਣਾ-ਆਪਣਾ ਰਾਗ