ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਹਾਈਕੋਰਟ ਵਿੱਚ ਚੱਲ ਰਹੇ ਡਰੱਗਜ਼ ਕੇਸ ਦੀ ਸੁਣਵਾਈ ਦੇ ਨਾਲ-ਨਾਲ ਹੀ ਇਸ ਮਾਮਲੇ ਬਾਰੇ ਆਪਣੇ ਬਿਆ ਜਾਰੀ ਕਰਨ ਕਾਰਨ ਉਨ੍ਹਾਂ ਵਿਰੁੱਧ ਦਾਖ਼ਲ ਉਲੰਘਣਾ ਪਟੀਸ਼ਨ ਦੀ ਸੁਣਵਾਈ ਹੁਣ 10 ਦਸੰਬਰ ਨੂੰ ਹੋਵੇਗੀ। ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਕੋਲ ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਤੇ ਪਟੀਸ਼ਨਕਰਤਾ ਪਰਮਪ੍ਰੀਤ ਬਾਜਵਾ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਪੇਸ਼ ਕੀਤੀ। ਇਸ ’ਤੇ ਏਜੀ ਨੇ ਕਿਹਾ ਕਿ ਉਹ ਇਸ ਜੱਜਮੈਂਟ ਨੂੰ ਪੜ੍ਹ ਕੇ ਹੀ ਅਗਲੀ ਕਾਰਵਾਈ ਤੈਅ ਕਰਨਗੇ।
ਏਜੀ ਹਰਿਆਣਾ ਮੁਹਰੇ ਇਸ ਮਾਮਲੇ ਦੀ ਸੁਣਵਾਈ ਅੱਧਾ ਘੰਟਾ ਚੱਲੀ। ਪਟੀਸ਼ਨ ਕਰਤਾ ਨੇ ਕਿਹਾ ਕਿ ਏਜੀ ਉਨ੍ਹਾਂ ਦੀਆਂ ਦਲੀਲਾਂ ਨਾਲ ਸੰਤੁਸ਼ਟ ਨਜ਼ਰ ਆਏ ਹਨ। ਪਟੀਸ਼ਨਰ ਨੇ ਇੱਕ ਜੱਜਮੈਂਟ ਤੇ ਨਿਯਮਾਂ ਦਾ ਹਵਾਲਾ ਦਿੱਤਾ। ਇਹ ਜੱਜਮੈਂਟ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਦੀ ਸੀ। ਪਟੀਸ਼ਨ ਕਰਤਾ ਮੁਤਾਬਕ ਏਜੀ ਨੇ ਕਿਹਾ ਹੈ ਕਿ ਇਸ ਜੱਜਮੈਂਟ ਨੂੰ ਪੜ੍ਹਨਾ ਜਰੂਰੀ ਹੈ ਤੇ ਤਾਂ ਹੀ ਪਤਾ ਲੱਗੇਗਾ ਕਿ ਨਵਜੋਤ ਸਿੱਧੂ ਵੱਲੋਂ ਹਾਈਕੋਰਟ ਵਿੱਚ ਕੇਸ ਚੱਲਣ ਦੇ ਦੌਰਾਨ ਇਸੇ ਮਾਮਲੇ ਬਾਰੇ ਟਿੱਪਣੀਆਂ ਕਰਨਾ ਉਲੰਘਣਾ ਦੇ ਦਾਇਰੇ ਵਿੱਚ ਆਉਂਦਾ ਹੈ ਜਾਂ ਨਹੀਂ।
ਏਜੀ ਇਹ ਵੀ ਵੇਖਣਗੇ ਕਿ ਕੀ ਕੋਈ ਬਾਹਰੀ ਵਿਅਕਤੀ, ਜਿਸ ਦਾ ਕੇਸ ਨਾਲ ਤੇ ਟਿੱਪਣੀਆਂ ਨਾਲ ਕੋਈ ਵਾਸਤਾ ਹੀ ਨਹੀਂ, ਉਲੰਘਣਾ ਅਰਜੀ ਦਾਖ਼ਲ ਕਰ ਸਕਦਾ ਹੈ ਜਾਂ ਨਹੀਂ। ਪਟੀਸ਼ਨ ਕਰਤਾ ਵਕੀਲ ਨੇ ਕਿਹਾ ਕਿ ਇਸ ਜੱਜਮੈਂਟ ਵਿੱਚ ਇਹ ਸਪਸ਼ਟ ਹੈ ਕਿ ਸਿੱਧੂ ਵਿਰੁੱਧ ਉਲੰਘਣਾ ਅਰਜੀ ਦਾਖ਼ਲ ਕੀਤੀ ਜਾ ਸਕਦੀ ਹੈ।