ਚੰਡੀਗੜ੍ਹ:ਸੂਬੇ ਭਰ ਦੇ ਖ਼ਪਤਕਾਰਾਂ ਨੂੰ ਮਿਆਰੀ ਬਿਜਲੀ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀਐਸਪੀਸੀਐਲ ਨੂੰ ਕਿਫ਼ਾਇਤੀ ਦਰਾਂ 'ਤੇ ਸਾਫ਼-ਸੁਥਰੀ ਅਤੇ ਵਾਤਾਵਰਨ ਪੱਖੀ ਬਿਜਲੀ ਦੀ ਵਰਤੋਂ ਕਰਨ ਲਈ ਕਿਹਾ।
ਬਿਜਲੀ ਖੇਤਰ ਦੇ ਮੁੱਦਿਆਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation Limited) ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੌਰ ਊਰਜਾ ਸਸਤੀ ਅਤੇ ਭਰੋਸੇਯੋਗ ਸਰੋਤ ਹੋਣ ਦੇ ਨਾਲ ਨਾਲ ਸਾਫ਼-ਸੁਥਰੀ ਅਤੇ ਵਾਤਾਵਰਨ ਪੱਖੀ ਵੀ ਹੈ ਜੋ ਸਿਹਤਮੰਦ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਸਹਾਈ ਹੋਵੇਗੀ।
ਸੀਐਮਡੀ/ਪੀਐਸਪੀਸੀਐਲ ਏ.ਵੇਣੂ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੀਐਸਪੀਸੀਐਲ ਨੇ ਕੁੱਲ 500 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਲਈ ਦੋ ਟੈਂਡਰ ਜਾਰੀ ਕੀਤੇ ਹਨ। ਇਸ ਵਿੱਚੋਂ 250 ਮੈਗਾਵਾਟ ਸੋਲਰ ਪਾਵਰ ਭਾਰਤ ਵਿੱਚ ਸਥਿਤ ਕਿਸੇ ਵੀ ਸੋਲਰ ਪਾਵਰ ਪ੍ਰੋਜੈਕਟਾਂ ਤੋਂ ਖਰੀਦਣ ਦੀ ਯੋਜਨਾ ਬਣਾਈ ਗਈ ਹੈ, ਜਿਸਦੀ ਕੀਮਤ 2.50 ਰੁਪਏ ਪ੍ਰਤੀ ਕਿਲੋਵਾਟ ਹੈ।
ਉਹਨਾਂ ਅੱਗੇ ਕਿਹਾ ਕਿ ਬਾਕੀ 250 ਮੈਗਾਵਾਟ ਸੋਲਰ ਊਰਜਾ ਪੰਜਾਬ ਵਿੱਚ ਸਥਿਤ ਕਿਸੇ ਵੀ ਸੋਲਰ ਪਾਵਰ ਪ੍ਰੋਜੈਕਟਾਂ ਤੋਂ 2.70 ਰੁਪਏ ਪ੍ਰਤੀ ਕਿਲੋਵਾਟ ਦੀ ਦਰ ਨਾਲ ਖਰੀਦੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਕਦਮ ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰੇਗਾ ਅਤੇ ਨਾਲ ਹੀ ਊਰਜਾ ਦੇ ਨਵਿਆਉਣਯੋਗ ਸਰੋਤਾਂ ਨੂੰ ਵਿਕਸਿਤ ਅਤੇ ਉਤਸ਼ਾਹਤ ਕਰੇਗਾ।
ਸੂਬੇ ਦੇ ਬਿਜਲੀ ਪਲਾਂਟਾਂ ਵਿੱਚ ਕੋਲੇ ਦੀ ਮੌਜੂਦਾ ਕਮੀ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਸੀਐਮਡੀ ਨੇ ਕਿਹਾ ਕਿ ਕੋਲ ਇੰਡੀਆ ਲਿਮਟਿਡ ਵੱਲੋਂ ਕੋਲੇ ਦਾ ਘੱਟ ਉਤਪਾਦਨ ਹੋਣ ਕਾਰਨ ਭਾਰਤ ਦੇ ਸਾਰੇ ਥਰਮਲ ਪਾਵਰ ਪਲਾਂਟਾਂ ਵਿੱਚ ਅਜਿਹੀ ਸਥਿਤੀ ਬਣੀ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਕਿਵੇਂ ਮੁਸ਼ਕਲ ਨਾਲ ਪੀਐਸਪੀਸੀਐਲ ਵੱਲੋਂ ਬਿਜਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਵੇਣੂ ਪ੍ਰਸਾਦ ਨੇ ਅੱਗੇ ਕਿਹਾ, “ਸੂਬੇ ਦੇ ਲੋਕਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਕਰਨ ਦੇ ਸਾਰੇ ਸੰਭਵ ਤਰੀਕਿਆਂ ਦੀ ਪੜਚੋਲ ਕੀਤੀ ਜਾ ਰਹੀ ਹੈ।"
ਜ਼ਿਕਰਯੋਗ ਹੈ ਕਿ ਪੀਐਸਪੀਸੀਐਲ ਆਪਣੇ 66 ਕੇ.ਵੀ. ਸਬ ਸਟੇਸ਼ਨਾਂ ਦੀ ਖਾਲੀ ਜ਼ਮੀਨ 'ਤੇ 140 ਮੈਗਾਵਾਟ ਦੇ ਸੋਲਰ ਪੀ.ਵੀ. ਪਾਵਰ ਪ੍ਰਾਜੈਕਟਾਂ ਸਥਾਪਤ ਲਈ ਈਈਐਸਐਲ ਨਾਲ ਸਮਝੌਤਾ ਸਹੀਬੱਧ ਕਰਨ ਲਈ ਯਤਨ ਕਰ ਰਹੀ ਹੈ ਤਾਂ ਜੋ ਸਾਫ਼, ਵਾਤਾਵਰਨ ਪੱਖੀ ਅਤੇ ਕਿਫ਼ਾਇਤੀ ਦਰਾਂ 'ਤੇ ਨਵਿਆਉਣਯੋਗ ਊਰਜਾ ਦੇ ਹਿੱਸਾ ਵਿੱਚ ਵਾਧਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪੁੱਜਾ